ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 23
ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 23
ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।
ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ)।
ਜਿਵੇਂ ਫਾਹੀ ਵਿੱਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿੱਚ ਫਸ ਕੇ) ਜੀਵ ਨੂੰ ਬਹੁਤ ਦੁੱਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ।।੨।।
ਖੋਟੇ ਸਿੱਕੇ (ਸਰਕਾਰੀ) ਖਜ਼ਾਨੇ ਵਿੱਚ ਨਹੀਂ ਲਏ ਜਾਂਦੇ, (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿੱਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ।
ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿੱਚ) ਕਾਮਯਾਬ ਨਹੀਂ ਹੋ ਸਕਦਾ।
ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ।।੩।।
ਹੇ ਨਾਨਕ! ਪਰਮਾਤਮਾ ਦੀ ਸਿਫਤ ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ।
ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ।
ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਵੱਸਦਾ ਹੈ।।੪।।੨੩।।
ਧਨ, ਜੁਆਨੀ ਤੇ ਨਿੱਕਾ ਜਿਹਾ ਫੁੱਲ ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ।
ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ।।੧।।
ਹੇ ਪਿਆਰੇ! ਜਦ ਤੱਕ ਨਵੀਂ ਜੁਆਨੀ ਹੈ ਤਦ ਤੱਕ ਆਤਮਕ ਅਨੰਦ ਲੈ ਲੈ;
ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ ਸਕੇਗਾ)।।੧।। ਰਹਾਉ।।
ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿੱਚ ਜਾ ਸੁੱਤੇ ਹਨ,
(ਮੈਂ ਉਹਨਾਂ ਦੇ ਵਿਛੋੜੇ ਵਿੱਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ।।੨।।
ਹੇ ਸੁੰਦਰ ਜੀਵ ਇਸਤ੍ਰੀ! ਤੂੰ ਧਿਆਨ ਨਾਲ ਇਹ ਖਬਰ ਕਿਉਂ ਨਹੀਂ ਸੁਣਦੀ?
ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿੱਚ) ਜ਼ਰੂਰ ਜਾਣਾ ਪਵੇਗਾ।।।੩।।
ਹੇ ਨਾਨਕ! ਜਿਹੜੀ ਜੀਵ ਇਸਤ੍ਰੀ ਪੀਕੇ ਘਰ (ਇਸ ਪਰਲੋਕ ਵਿੱਚ ਗਫਲਤ ਦੀ ਨੀਂਦ ਵਿੱਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ।
ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ।।੪।।੨੪।।
ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿੱਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ।
ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ।।੧।।
ਮੇਰਾ ਮਾਲਕ ਪ੍ਰਭੂ ਪਿਆਰ ਵਿੱਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿੱਚ) ਪੂਰਨ ਤੌਰ ਤੇ ਵਿਆਪਕ ਹੈ।।੧।। ਰਹਾਉ।।
ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿੱਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿੱਚ ਮੱਛੀ ਫੜੀਦੀ ਹੈ)।
ਪ੍ਰਭੂ ਹੀ ਉਸ ਜਲ ਦੇ ਮਣਕੇ ਹੈ, ਆਪ ਹੀ ਉਸ ਜਲ ਵਿੱਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ)।।੨।।
ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ।
ਭਾਗਾਂ ਵਾਲੀਆ ਜੀਵ ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ)।।੩।।
ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ।
ਸੂਰਜ ਦੀ ਰੌਸ਼ਨੀ ਵਿੱਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿੱਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖੁਸ਼ ਹੋਣ ਵਾਲਾ ਹੈਂ।।੪।।੨੫।।
ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿੱਚ ਸਿੰਚਨ ਕਰ।
ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਉਗਾ। ਇਸ ਤਰ੍ਹਾਂ ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ।।੧।।
ਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ?
ਪਿਤਾ, ਪੁੱਤਰ, ਇਸਤ੍ਰੀ, ਮਾਂ ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ।।ਰਹਾਉ।।
ਜਿਹੜਾ ਮਨੁੱਖ ਚੰਦਰੇ ਵਿਸ਼ੇ-ਵਿਕਾਰਾਂ ਨੂੰ ਹਿਰਦਾ-ਭੁਇਂ ਵਿੱਚੋਂ ਇਉਂ ਪੁੱਟ ਦੇਂਦਾ ਹੈ ਜਿਵੇਂ ਖੇਤੀ ਵਿੱਚੋਂ ਨਦੀਨ, ਇਹਨਾਂ ਵਿਕਾਰਾਂ ਦਾ ਤਿਆਗ ਕਰਕੇ ਜੋ ਮਨੁੱਖ ਆਪਣੇ ਅੰਦਰ ਇੱਕ-ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ,
ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ।।੨।।
ਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿੱਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿੱਚ ਮੌਤ ਨੂੰ ਚੇਤੇ ਰੱਖੇ,
ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ ਵਿੱਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਹੇ ਨਾਨਕ! ਇਸ ਤਰ੍ਹਾਂ ਪਰਮਾਤਮਾ ਉਸਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।।੩।।੨੬।।

Post a Comment