8

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 2

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 2

sri guru granth sahib ji in punjabi



ਪਰ ਕੋਈ ਆਖਦਾ ਹੈ,'(ਨਹੀਂ, ਨੇੜੇ ਹੈ), ਸਭ ਥਾਈਂ ਹਾਜਰ ਹੈ, ਸਭ ਨੂੰ ਵੇਖ ਰਿਹਾ ਹੈ।


ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ)


ਭਾਵੇਂ ਕਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ।


ਦਾਤਾਰ ਅਕਾਲ ਪੁਰਖ (ਸਭ ਜੀਵਾਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ।


(ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।


ਹੁਕਮ ਵਾਲ਼ੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲ਼ਾ) ਰਸਤਾ ਚਲਾ ਰਿਹਾ ਹੈ।


ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਅਤੇ ਪ੍ਰਸੰਨ ਹੈ।।੩।।


ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਵੀ ਸਦਾ ਅਟੱਲ ਹੈ । ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।


ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ। ਉਹ ਦਾਤਾਰ ਬਖਸ਼ਿਸ਼ਾਂ ਕਰਦਾ ਹੈ।


(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿਸ ਪਏ?


ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।



ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।


(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ ' ਸਿਫਤਿ ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕਿਰਪਾ ਦ੍ਰਿਸ਼ਟੀ ਨਾਲ਼ ' ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਅਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।


ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ।।੪।।


ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਿਆ ਬਣਦਾ ਹੈ।


ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।


ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ।


ਹੇ ਨਾਨਕ!(ਆਓ) ਅਸੀਂ ਵੀ ਉਸ ਗੁਣਾਂ ਦੇ ਖਜ਼ਾਨੇ ਹਰੀ ਦੀ ਸਿਫਤ ਸਲਾਹ ਕਰੀਏ।


(ਆਓ, ਅਕਾਲ ਪੁਰਖ ਦੇ ਗੁਣ (ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸ ਦਾ ਪ੍ਰੇਮ ਟਿਕਾਈਏ।


(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਅਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ।


(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਹਰ ਥਾਈਂ ਵਿਆਪਕ ਹੈ।


ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।


ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ,(ਭੀ) ਲਵਾਂ,(ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ।


(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ।


ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਇੱਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ।।੫।।


ਮੈਂ ਤੀਰਥ ਉੱਤੇ ਜਾਕੇ ਤਦ ਇਸ਼ਨਾਨ ਕਰਾਂ ਜੇ ਇਓਂ ਕਰਨ ਨਾਲ਼ ਉਸ ਪ੍ਰਮਾਤਮਾ ਨੂੰ ਖੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ?


ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆਂ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਕੁੱਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।


ਸਤਿਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੋਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ।)


(ਤਾਂ ਤੇ) ਹੇ ਸਤਿਗੁਰੂ!(ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ ।


ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।।੬।।


ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ,(ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਵੀ ਦਸ ਗੁਣੀ ਹੋਰ (ਉਮਰ ਹੋ) ਜਾਏ।


ਜੇ ਉਹ ਸਾਰੇ ਸੰਸਾਰ ਵਿੱਚ ਵਿੱਚ ਵੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।


ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿੱਚ ਸ਼ੋਭਾ ਭੀ ਪ੍ਰਾਪਤ ਕਰ ਲਏ।


(ਪਰ) ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਵੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਹੁੰਦਿਆਂ ਭੀ ਅਸਲ ਵਿੱਚ ਨਿਆਸਰਾ ਹੀ ਹੈ)।


(ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇੱਕ ਮਾਮੂਲੀ ਜਿਹਾ ਕੀੜਾ ਹੈ ("ਖਸਮੈ ਨਦਰੀ ਕੀੜਾ ਆਵੈ" ਆਸਾ ਮ:੧) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।


ਹੇ ਨਾਨਕ! ਉਹ ਅਕਾਲ ਪੁਰਖ ਗੁਣ ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦਿੰਦਾ ਹੈ ਅਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਓਹੀ ਬਖਸ਼ਦਾ ਹੈ।


ਇਹੋ ਜਿਹਾ ਕੋਈ ਹੋਰ ਨਹੀਂ ਦਿਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ।(ਭਾਵ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ।।੭।।


ਇਹ ਨਾਮ ਹਿਰਦੇ ਵਿੱਚ ਟਿਕਣ ਦੀ ਹੀ ਬਰਕਤਿ ਹੈ ਕਿ ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਨਾਲ਼ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਅਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ।


ਤੇ ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਨਾਲ਼ ਉਨ੍ਹਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ।


ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਨਾਲ਼ ਸੋਝੀ ਪੈਂਦੀ ਹੈ ਕਿ ਵਾਹਿਗੁਰੂ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿੱਚ ਵਿਆਪਕ ਹੈ।


ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਵਾਲੇ ਮਨੁੱਖ ਨੂੰ ਕਾਲ ਵੀ ਨਹੀਂ ਪੋਂਹਦਾ (ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)।


ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲ਼ੇ) ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ।


(ਕਿਓਂ ਕਿ) ਉਸ ਦੀ ਸਿਫਤ ਸਲਾਹ ਸੁਣਨ ਕਰਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ।।੮।।


ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ ਤੇ ਅੱਪੜ ਜਾਂਦਾ ਹੈ।


ਮੰਦਾ ਮਨੁੱਖ ਵੀ ਮੂੰਹੋਂ ਰੱਬ ਦੀਆਂ ਸਿਫਤਾਂ ਕਰਨ ਲੱਗ ਪੈਂਦਾ ਹੈ।


(ਸਾਧਾਰਨ ਬੁੱਧ ਵਾਲ਼ੇ ਨੂੰ ਭੀ) ਸਰੀਰ ਵਿੱਚ ਦੀਆਂ ਗੁੱਝੀਆਂ ਗੱਲਾਂ,(ਭਾਵ, ਅੱਖ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ।


ਪ੍ਰਭੂ ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿੰਮ੍ਰਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿੱਚ ਨਹੀਂ ਪਹੁੰਚਦੇ, ਜਿਸ ਜਜ਼ਬੇ ਵਿੱਚ ਅੱਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ।


ਹੇ ਨਾਨਕ! (ਨਾਮ ਨਾਲ਼ ਪ੍ਰੀਤ ਕਰਨ ਵਾਲ਼ੇ) ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ।






























No comments

Powered by Blogger.