8

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 24

 ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 24

Sri guru granth sahib ji with meaning in punjabi



(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੋਇਂ ਬਣਾ, (ਇਸ ਕਰਮ-ਭੋਇਂ ਵਿੱਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੋਇਂ ਵਿੱਚ) ਸਦਾ ਦੇਂਦਾ ਰਹੁ।


ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿੱਚ ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ।।੧।।


(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ।


ਜੇ (ਬੇਈਮਾਨੀਆਂ ਕਰਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿੱਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿੱਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ ਇਸ ਤਰ੍ਹਾਂ ਮਨੁੱਖਾ ਜਨਮ ਅਜ਼ਾਈਂ ਚਲਾ ਜਾਂਦਾ ਹੈ।।੧।। ਰਹਾਉ।।


(ਜਦ ਤੱਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ ਚਿੱਕੜ ਵਿੱਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿੱਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿੱਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।


(ਭੌਰਾ ਆ ਕੇ ਕੌਲ ਫੁੱਲ ਉੱਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਸ ਹੀ ਚਿੱਕੜ ਵਿੱਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ ਭੌਰਾ ਸਦਾ (ਹਰੀ ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜਿਹੀ ਸਮਝ ਹੀ ਨਹੀਂ।।੨।।


(ਹੇ ਕਾਜ਼ੀ! ਜਦ ਤੱਕ) ਇਹ ਮਨ ਮਾਇਆ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।


ਉਹ ਬੰਦੇ ਮਾਲਕ ਰੱਬ ਦੀ ਮਿਹਰ ਦੀ ਨਜ਼ਰ ਵਿੱਚ ਹਨ, ਉਹੀ ਬੰਦੇ ਉਸਦੇ ਦਿਲ ਵਿੱਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸਨੂੰ ਸਿਮਰਿਆ ਹੈ।।੩।।


(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਮਾਜ਼ਾਂ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖਾਤਰ ਕਰਦਾ ਹੈਂ, ਕਿ ਮੈਨੂੰ ਕੋਈ ਸ਼ੈਤਾਨ (ਮਾੜਾ ਬੰਦਾ) ਨਾ ਆਖੇ) (ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ।)


ਪਰ, ਨਾਨਕ ਆਖਦਾ ਹੈ (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿੱਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ)।।੪।।੨੭।।


ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ ਭਰਾ ਕੀਤਾ ਹੈ।


ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫਤ ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਰਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇੜਾ ਅੱਖਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ।।੧।।


ਹੇ ਮੁੱਲਾਂ! ਮੌਤ ਦਾ ਡਰ ਹਰੇਕ ਦੇ ਸਿਰ ਉੱਤੇ ਹੈ।


ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿੱਚ ਰਹਿਣਾ ਹੀ ਫਬਦਾ ਹੈ। ਭਾਵ, ਰੱਬ ਦੇ ਡਰ ਵਿੱਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ)।।੧।। ਰਹਾਉ।।


(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਵਿੱਚ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ) 


ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਲੈ ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਜਦੋਂ ਪਾਣੀ ਨਾਲ ਭਰ ਜਾਂਦੀ ਹੈ, ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ।।੨।।


 ਉਹੀ ਮਨੁੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ,


ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ।।੩।।


(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸਵਾਰਥ ਵਿੱਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ)।


ਨਾਨਕ ਆਖਦਾ ਹੈ (ਹੇ ਕਾਜ਼ੀ!) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇਥੇ ਦਾ ਇਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿੱਚ ਟਿਕਿਆ ਰਹੁ)।।੪।।੨੮।।


ਮੇਰੇ ਨਾਲ ਇੱਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ।


(ਦੋ ਜੋ ਨਿੱਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ।)


(ਮੇਰੇ ਹੱਥ ਵਿੱਚ) ਝੂਠ ਛੁਰਾ ਹੈ, ਮੈਂ ਮਾਇਆ ਵਿੱਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ) 


ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿੱਚ ਰਹਿੰਦਾ ਹਾਂ।।੧।।


ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ।


ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ।


ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਉਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।


ਮੈਨੂੰ ਹੁਣ ਸਿਰਫ ਇਹੀ ਆਸ ਹੈ, ਇਹੋ ਆਸਰਾ ਹੈ।।੧।। ਰਹਾਉ।।


ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ।


ਮੈ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ।


ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ।


ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ।।੨।।


ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾਵਾਂ, ਪਰ ਮੈਂ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ।


ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ।


(ਜਿਉਂ ਜਿਉਂ) ਮੈਂ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)।


ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ।।੩।।


ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ।


ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ?


ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,


ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ।।੪।।੨੯।।


ਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇੱਕ ਪਰਮਾਤਮਾ ਦੀ ਹੀ ਬਖਸ਼ੀ ਹੋਈ ਸੂਝ ਕੰਮ ਕਰ ਰਹੀ ਹੈ।


ਕੋਈ ਵੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ।












No comments

Powered by Blogger.