8

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 22

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 22

sri guru granth sahib ji in punjabi


ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਲ ਪਾ ਕੇ (ਹਿਰਦੇ ਵਿੱਚ) ਧੁਖਦੀਆਂ ਚੋਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ।


(ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੋਲ ਖਿੜ ਪਏਗਾ, (ਤੇਰੇ ਹਿਰਦੇ ਵਿੱਚ) ਆਤਮਕ ਜੀਵਨ ਦੇਣ ਵਾਲਾ ਨਾਮ ਜਲ ਭਰ ਜਾਏਗਾ।


ਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ।।੪।।੨੦।।


ਹੇ ਪਿਆਰੇ! ਹਰਿ - ਨਾਮ ਜਪੋ, ਗੁਰੂ ਦੀ ਮੱਤ ਉੱਤੇ ਤੁਰ ਕੇ ਹਰੀ ਦਾ ਸਿਮਰਨ ਕਰੋ।


ਜਦੋਂ ਮਨ ਸਿਮਰਨ ਦੀ ਕਸਵੱਟੀ ਉੱਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿੱਚ ਪੂਰਾ ਉਤਰਦਾ ਹੈ।


ਤਦੋਂ ਹਿਰਦਾ ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ।।੧।।


ਹੇ ਭਾਈ! ਇਹ ਕੀਮਤੀ ਹਰਿ ਨਾਮ ਗੁਰੂ ਦੇ ਕੋਲ ਹੈ।


ਗੁਰੂ ਸਾਧ ਸੰਗਤ ਵਿੱਚ ਮਿਲਦਾ ਹੈ। (ਸੋ, ਸਾਧ ਸੰਗਤ ਵਿੱਚ ਜਾ ਕੇ) ਗੁਰੂ ਦੇ ਸ਼ਬਦ ਵਿੱਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫਤ ਸਾਲਾਹ ਕਰ।।੧।। ਰਹਾਉ।।


ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ।


ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (- ਅੱਗ) ਬੁੱਝ ਜਾਂਦੀ ਹੈ।


(ਜਿਹੜਾ ਬੰਦਾ ਨਾਮ ਧਨ ਇਕੱਠਾ ਕਰਦਾ ਹੈ) ਉਸਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ।।੨।।


ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨਿਆਵੀ ਪਦਾਰਥਾਂ ਵਿੱਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਥਿਰ ਪ੍ਰਭੂ ਦੇ ਪਿਆਰ ਵਿੱਚ ਜੁੜੇ ਰਹਿੰਦੇ ਹਨ।


(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿੱਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ)।


(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ ਚਰਨਾਂ ਵਿੱਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿੱਚ ਹੀ ਰਹਿੰਦੀ ਹੈ।।੩।।


ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵਸਦਾ ਹੈ।


ਅਥਾਹ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ।


(ਪਰ) ਹੇ ਨਾਨਕ! ਜਿਸ ਮਨੁੱਖ ਉੱਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸਨੂੰ ਉਸਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ।।੪।।੨੧।।


(ਗੁਰੂ ਦੀ ਸ਼ਰਨ ਛੱਡ ਕੇ) ਜੇ ਮਨੁੱਖ (ਸੰਨਿਆਸ ਭੇਖ ਧਾਰ ਕੇ) ਦੇਸ ਦੇਸ ਵਿੱਚ ਭੌਂਦਾ ਫਿਰੇ, (ਥਾਂ-ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ।


ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜਿਹਾ ਜੀਵਨ ਫਿਟਕਾਰ ਜੋਗ ਹੀ ਰਹਿੰਦਾ ਹੈ, ਅਜਿਹਾ ਭੇਖ ਫਿਟਕਾਰ ਹੀ ਖਾਂਦਾ ਹੈ।


(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ)।।੧।।


ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ।


ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿੱਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ।।੧।। ਰਹਾਉ ।।


ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ  ਪਾਂਦਾ ਹੈ।


(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤ ਵਿੱਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿੱਚ ਸੁਰਤ ਜੁੜਦੀ ਹੈ।


(ਪ੍ਰਭੂ ਚਰਨਾਂ ਵਿੱਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ।।੨।।


ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿੱਚ ਰਹਿ ਕੇ ਜੰਮਦਾ ਮਰਦਾ ਹੈ।


ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ ਸਮੁੰਦਰ (ਦੇ ਵਿਕਾਰਾਂ) ਵਿੱਚ ਹੀ ਖੁਆਰ ਹੁੰਦਾ ਰਹਿੰਦਾ ਹੈ।


(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿੱਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ।।੩।।


ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।


(ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ।


ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ।।੪।।੨੨।।


ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ।


ਉਹੋ ਜਿਹਾ ਸੌਦਾ ਹੀ ਖਰੀਦਣਾ ਚਾਹੀਦਾ ਹੈ, ਜਿਹੜਾ ਸਦਾ ਲਈ ਸਾਥ ਨਿਭਾਹੇ।


ਪਰਲੋਕ ਵਿੱਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰਕੇ ਕਬੂਲ ਕਰੇਗਾ।।੧।।


ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।


(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ ਪ੍ਰਭੂ ਖੁਸ਼ ਹੋ ਕੇ ਵੇਖੇਗਾ।।੧।। ਰਹਾਉ।।



No comments

Powered by Blogger.