ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 14
ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 14
ਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਿਲ ਮਾੜੀਆਂ ਉਸਰ ਪੈਣ, ਜੇ (ਉਹ ਮਹਿਲ ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ,
ਜੇ (ਉਹਨਾਂ ਮਹਲ ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰਕੇ (ਮੇਰੇ ਅੰਦਰ) ਚਾਉ ਚੜ੍ਹੇ,
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖਤਰਾ ਹੈ ਕਿ ਇਹਨਾਂ ਮਹਲ ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾਹ।।੧।।
ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ ਬਲ ਜਾਂਦੀ ਹੈ।
ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ (ਤੇ ਮੈਨੂੰ ਯਕੀਨ ਭੀ ਆ ਗਿਆ ਹੈ ਕਿ ਪ੍ਰਭੂ ਦੀ ਯਾਦ ਤੋਂ ਬਿਨਾਂ) ਹੋਰ ਕੋਈ ਥਾਂ ਨਹੀਂ ਹੈ (ਜਿੱਥੇ ਉਹ ਸਾੜ ਮੁੱਕ ਸਕੇ) ।।੧।।ਰਹਾਉ।।
ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ,
ਜੇ (ਮੇਰੇ ਸਾਹਮਣੇ) ਉਹ ਸੁੰਦਰ ਇਸਤ੍ਰੀ ਹਾਵ ਭਾਵ ਕਰੇ ਜਿਸ ਦੇ ਮੱਥੇ ਉੱਤੇ ਮਣੀ ਸੋਭ ਰਹੀ ਹੋਵੇ,
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖਤਰਾ ਹੈ ਕਿ ਅਜਿਹੇ ਸੁੰਦਰ ਥਾਂ ਤੇ ਅਜਿਹੀ ਸੁੰਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾਹ।।੨।।
ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ,
ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ,
(ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾਹ।।੩।।
ਜੇ ਮੈਂ ਫੌਜਾਂ ਇਕੱਠੀਆਂ ਕਰਕੇ ਬਾਦਸ਼ਾਹ ਬਣ ਜਾਵਾਂ ਅਤੇ ਤਖਤ ਉੱਤੇ ਪੈਰ ਰੱਖਾਂ (ਦੁਨੀਆਂ ਦਾ ਹਕੂਮਤ ਪ੍ਰਾਪਤ ਕਰ ਲਵਾਂ),
ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ।
(ਮੈਨੂੰ ਖ਼ਤਰਾ ਹੈ ਕਿ ਇਹ ਰਾਜ ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ!) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਟਿਕੇ ਹੀ ਨਾਹ।।੪।।੧।।
ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ),
ਜੇ (ਕਿਸੇ) ਗੁਫਾ ਵਿੱਚ (ਬੈਠਾ ਰਹਿ ਕੇ) ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ (ਭਾਵ, ਕਿ ਦਿਨ ਰਾਤ ਮੈਂ ਗੁਫਾ ਵਿੱਚ ਬੈਠ ਕੇ ਸਮਾਧੀ ਲਾਈ ਰੱਖਾਂ), ਜੇ ਸੁਫਨੇ ਵਿੱਚ ਭੀ ਸੌਣ ਦੀ ਥਾਂ ਨ ਮਿਲੇ (ਜੇ ਕਦੇ ਭੀ ਨਾਹ ਸੌਂ ਸਕਾਂ)
ਤਾਂ ਭੀ (ਹੇ ਪ੍ਰਭੂ! ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ) ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ (ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ), ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ? (ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ)।।੧।।
ਸਦਾ ਕਾਇਮ ਰਹਿਣ ਵਾਲਾ ਨਿਰ - ਆਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੀ ਆਸਰੇ ਦੀ ਮੁਥਾਜੀ ਨਹੀਂ ਹੈ)
ਅਸੀਂ ਜੀਵ ਇੱਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ। (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ)। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫਤ ਸਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ।।੧।।ਰਹਾਉ।।
ਜੇ (ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ) ਮੈਂ ਕੂਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ, ਚੱਕੀ ਵਿੱਚ ਪਾ ਕੇ ਪੀਹ ਦਿਆਂ,
ਅੱਗ ਨਾਲ ਸਾੜ ਸੁੱਟਾਂ, ਤੇ (ਆਪਣੇ ਆਪ ਨੂੰ) ਸੁਆਹ ਨਾਲ ਰਲਾ ਦਿਆਂ।
(ਇਤਨੇ ਤਪ ਸਾਧ ਕੇ ਭੀ, ਹੇ ਪ੍ਰਭੂ!) ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।।੨।।
ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤੱਕ ਪਹੁੰਚ ਸਕਾਂ।
ਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ।
(ਇਤਨੀ ਪਹੁੰਚ ਰੱਖਦਾ ਹੋਇਆ) ਭੀ (ਹੇ ਪ੍ਰਭੂ!) ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।।੩।।

Post a Comment