ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 13
ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ)ਅਨੇਕਾਂ ਸਰੂਪ ਹਨ।।੨।।੨।।
ਰਾਗ ਧਨਾਸਰੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿੱਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿੱਚ) ਮੋਤੀ ਰੱਖੇ ਹੋਏ ਹਨ।
ਮਲਯ ਪਰਬਤ ਵੱਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ।।੧।।
(ਕੁਦਰਤ ਵਿੱਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਇਹ ਹੈ ਤੇਰੀ ਅਦਭੁਤ ਆਰਤੀ!
(ਸਭ ਜੀਵਾਂ ਵਿੱਚ ਰੁਮਕ ਰਹੀ) ਇੱਕੋ ਜੀਵਨ-ਰੋ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ।।੧।। ਰਹਾਉ।।
(ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।
ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾਂ ਹੀ ਹੈਂ। ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।।੨।।
ਸਾਰੇ ਜੀਵਾਂ ਵਿੱਚ ਇੱਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ।
ਉਸ ਜੋਤਿ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ (ਸੂਝ ਬੂਝ) ਹੈ।
ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।
(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ)।।੩।।
ਹੇ ਹਰੀ! ਤੇਰੇ ਚਰਨ - ਰੂਪ ਕੌਲ - ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।
ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਹਾਂ।।੪।।੩।।
(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।
ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿੱਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ)।।੧।।
ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ।
ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ।।੧।। ਰਹਾਉ।।
ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿੱਚ ਅਹੰਕਾਰ ਦਾ (ਮਨ) ਕੰਡਾ ਚੁੱਭਾ ਹੋਇਆ ਹੈ।
ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਆਪਣੇ ਸਿਰ ਉੱਤੇ ਆਤਮਕ ਮੌਤ ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ)।।੨।।
(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ - ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਹੋ ਜਾਂਦੀ ਹੈ।।੩।।
ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਤੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ।
ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ ਤੇਰੇ ਨਾਮ ਵਿੱਚ ਜੁੜਿਆਂ ਹੀ ਸੁੱਖ ਮਿਲਦਾ ਹੈ।।੪।।੪।।
ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ - (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ।
(ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿੱਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਇਗਾ।।੧।।
ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ। ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ।।੧।। ਰਹਾਉ।।
ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖਲਿਆਂ ਵਿੱਚ (ਡੁੱਬ ਰਹੇ ਹਨ। ਇਹਨਾਂ ਵਿੱਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸਨੇ ਪਰਮਾਤਮਾ ਨਾਲ ਜਾਣ ਪਛਾਣ ਪਾ ਲਈ ਹੈ।
(ਵਿਕਾਰਾਂ ਵਿੱਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ - ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫਤ - ਸਲਾਹ) ਕਰਨ ਦੀ ਜਾਂਚ ਸਿੱਖ ਲਈ ਹੈ।
ਜਿਸ ਕੰਮ ਵਾਸਤੇ (ਇੱਥੇ) ਆਏ ਹੋਂ, ਉਸ ਦਾ ਵਣਜ ਕਰੋ। ਉਹ ਹਰਿ ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿੱਚ ਵਸ ਸਕਦਾ ਹੈ।
(ਜੇ ਗੁਰੂ ਦੀ ਸ਼ਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿੱਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ।।੩।।
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ।
ਦਾਸ ਨਾਨਕ ਤੈਥੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ।।੪।।੫।।

Post a Comment