ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 16
ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 16
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ।
ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿੱਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ)।।੨।।
ਪ੍ਰਭੂ ਦਾ ਨਾਮ ਤੇ ਸਿਫਤ ਸਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫਤ ਸਲਾਹ ਦੀ ਬਰਕਤਿ) ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉੱਤੇ ਲਾਣ ਲਈ ਸੁਗੰਧੀ ਹੈ।
ਪਰਮਾਤਮਾ ਦਾ ਨਾਮ ਤੇ ਸਿਫਤ ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫਤ ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।
ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ।।੩।।
ਜਿਸ ਪ੍ਰਭੂ ਦੀ ਬਖਸ਼ੀ ਹੋਈ ਇਹ ਜਿੰਦ ਜਾਨ ਹੈ, ਉਸਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।
ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ।
(ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿੱਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ।।੪।।੫।।
(ਮਾਇਆ ਦਾ) ਮੋਹ ਸਾੜ ਕੇ (ਉਸਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗਜ਼ ਬਣਾ।
ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿੱਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।
ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫਤ ਸਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ।।੧।।
ਹੇ ਭਾਈ! ਇਹ ਲੇਖਾ ਲਿਖਣ ਦੀ ਜਾਂਚ ਸਿੱਖ।
ਜਿਸ ਥਾਂ (ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ।।੧।।ਰਹਾਉ।।
ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।
ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ (ਪ੍ਰਭੂ ਦਾ ਸਦਾ ਥਿਰ ਨਾਮ ਵਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉੱਤੇ ਟਿੱਕੇ ਲੱਗਦੇ ਹਨ,
ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫਜ਼ੂਲ ਗੱਲਾਂ ਨਾਲ ਨਹੀਂ ਮਿਲਦਾ।।੨।।
(ਸੰਸਾਰ ਵਿੱਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ ਸਫਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।
ਕਈ (ਜਗਤ ਵਿੱਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।
(ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ ਸਫਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ)।।੩।।
(ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖਲਾ ਬਹੁਤ ਵਿਆਪਦਾ ਹੈ (ਇਸ ਤੌਖਲੇ ਵਿੱਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ,
(ਤੇਰੀ ਯਾਦ ਤੋਂ ਬਿਨਾਂ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖਾਨ ਸੁਲਤਾਨ ਕਰਕੇ ਵੱਜਦੇ ਹਨ ਸਭ (ਇੱਥੇ ਹੀ) ਮਿੱਟੀ ਵਿੱਚ ਮਿਲ ਜਾਂਦੇ ਹਨ।
ਹੇ ਨਾਨਕ! ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ ਪਿਆਰ ਮੁੱਕ ਜਾਂਦੇ ਹਨ।।੪।।੬।।
ਜੇ ਮਨ ਪ੍ਰਭੂ ਦੀ ਯਾਦ ਵਿੱਚ ਪਰਚ ਜਾਏ, ਤਾਂ ਇਸ ਨੂੰ (ਦੁਨੀਆਂ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।
ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫਤ ਸਲਾਹ ਦਾ ਕੀਰਤਨ ਮਸਾਲੇ ਜਾਣੋ।
ਪਰਮਾਤਮਾ ਨਾਲ ਇੱਕ ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਕਿਸੇ ਉਸੇ ਨੂੰ ਮਿਲਦੀ ਹੈ) ਜਿਸ ਉੱਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ।।੧।।
ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ,
ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿੱਚ (ਭੀ ਕਈ) ਮੰਦੇ ਖਿਆਲ ਤੁਰ ਪੈਂਦੇ ਹਨ।।੧।।ਰਹਾਉ।।
ਪ੍ਰਭੂ ਪ੍ਰੀਤ ਵਿੱਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।
ਆਪਣੇ ਮਨ ਵਿੱਚੋਂ ਕਾਲਖ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ ਚਰਨਾਂ ਦਾ ਧਿਆਨ ਚੋਗਾ ਹੈ।
ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ।।੨।।
ਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖੁਆਰ ਕਰਦਾ ਹੈ,
ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿੱਚ ਭੀ ਭੈੜੇ ਖਿਆਲ ਤੁਰ ਪੈਣ।।੧।। ਰਹਾਉ।।
ਹੇ ਪ੍ਰਭੂ! ਤੇਰੇ ਚਰਨਾਂ ਵਿੱਚ ਜੁੜਨ ਦਾ ਜੀਵਨ ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।
ਤੇਰੀ ਸਿਫਤ ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।
(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ।।੩।।
ਹੇ ਭਾਈ! ਉਹ ਘੋੜ ਸਵਾਰੀ ਤੇ ਉਸ ਦਾ ਚਾਉ ਖੁਆਰ ਕਰਦਾ ਹੈ,
ਜਿਸ ਘੋੜ ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿੱਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ।।੧।। ਰਹਾਉ।।
(ਦੂਜਿਆਂ ਮਹਲ ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖੁਸ਼ੀ ਮੈਨੂੰ ਆਪਣਾ ਪਰਿਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿੱਚੋ ਮਿਲੇਗੀ)।

Post a Comment