sri guru granth sahib ji with meaning in punjabi - ang 31
ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 31
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿੱਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖਾਤਰ) ਹੋਰ ਹੋਰ ਦੀ (ਸੇਵਾ ਖੁਸ਼ਾਮਦ) ਕਰਦੇ ਫਿਰਦੇ ਹਨ।
(ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿੱਚ ਬੀਤਦੀ ਹੈ।
(ਮਾਇਆ ਦੇ ਮੋਹ ਵਿੱਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾਂ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿੱਚ ਗਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ)।।੧।।
ਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਰਨ ਪਿਆ ਰਹੁ।
(ਪਰ ਪਰਮਾਤਮਾ ਦੀ ਸਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਆ ਵੱਸੇ, ਤਦੋਂ ਪਰਮਾਤਮਾ (ਹਿਰਦੇ ਵਿੱਚੋਂ) ਨਹੀਂ ਵਿਸਰਦਾ।।੧।। ਰਹਾਉ।।
ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿੱਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ।
ਉਸ ਦਾ ਜਗਤ ਵਿੱਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿੱਚ) ਇੱਜ਼ਤ ਭੀ ਗਵਾ ਲਈ।
ਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿੱਚ ਮਿਲੀ ਰਹਿੰਦੀ ਹੈ।।੨।।
ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜਿਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।
ਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿੱਤਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ।
ਗੁਰਮੁਖ ਦਿਨ ਰਾਤ ਹਰ ਵੇਲੇ ਆਨੰਦ ਵਿੱਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ।।੩।।
ਜਿਹੜੇ ਮਨੁੱਖ ਸਤਿਗੁਰੂ ਦੀ ਸ਼ਰਨ ਰ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿੱਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ।
ਹੇ ਨਾਨਕ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ।।੪।।੧੨।।੪੫।।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤਰੀ (ਆਪਣੇ) ਸਰੀਰ ਉੱਤੇ ਸ਼ਿੰਗਾਰ ਕਰਦੀ ਹੈ।
ਉਸ ਦਾ ਪਤੀ (ਉਸ ਦੀ) ਸੇਜ ਉੱਤੇ (ਕਦੇ) ਨਹੀਂ ਆਉਂਦਾ, ਉਹ ਵਿਅਰਥ ਸ਼ਿੰਗਾਰ ਕਰਕੇ ਸਦਾ ਖੁਆਰ ਹੁੰਦੀ ਹੈ।
(ਇਸੇ ਤਰ੍ਹਾਂ ਮਨਮੁਖ ਮਨੁੱਖ ਵਿਖਾਵੇ ਦੇ ਧਾਰਮਿਕ ਕੰਮਾਂ ਨਾਲ) ਪ੍ਰਭੂ-ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ, ਉਸਨੂੰ ਪ੍ਰਭੂ ਦਾ ਦਰ-ਘਰ ਨਹੀਂ ਦਿਸਦਾ।।੧।।
ਹੇ ਭਾਈ! ਇਕਾਗ੍ਰ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰ।
ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁੱਖ ਮਾਣਦਾ ਹੈ।।੧।। ਰਹਾਉ।।
ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ।
ਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ (ਗਰੀਬੀ ਸੁਭਾਵ ਵਾਲੇ ਹੁੰਦੇ ਹਨ), ਉਹਨਾਂ ਦੀ ਹਿਰਦੇ-ਸੇਜ ਨੂੰ ਪ੍ਰਭੂ-ਪਤੀ ਮਾਣਦਾ ਹੈ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿੱਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ।।੨।।
ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰੂ ਮਿਲ ਪੈਂਦਾ ਹੈ।
(ਗੁਰੂ ਦੇ ਮਿਲਣ ਨਾਲ) ਹਿਰਦੇ ਵਿੱਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
ਜਿਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿੱਚ ਹੈ, ਉਹ ਕਦੇ ਦੁੱਖ ਨਹੀਂ ਪਾਉਂਦਾ।।੩।।
ਗੁਰੂ ਦੀ ਰਜ਼ਾ ਵਿੱਚ ਨਾਮ-ਅੰਮ੍ਰਿਤ ਹੈ (ਜਿਹੜਾ ਰਜ਼ਾ ਵਿੱਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿੱਚ ਟਿਕ ਕੇ ਅੰਮ੍ਰਿਤ ਪੀਂਦਾ ਹੈ।
ਜਿਨ੍ਹਾਂ ਮਨੁੱਖਾਂ ਨੂੰ ਇਹ ਅੰਮ੍ਰਿਤ ਲੱਭ ਪਿਆ, ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪੀਤਾ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿੱਚ ਮੇਲ ਹੋ ਜਾਂਦਾ ਹੈ।।੪।।੧੩।।੪੬।।
ਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦਿੰਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦਿੰਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦਿੰਦੀ ਹੈ (ਭਾਵ, ਗਿਆਨ-ਇੰਦ੍ਰੇ ਮਾਇਆ ਵੱਲੋਂ ਹਟ ਜਾਂਦੇ ਹਨ)।
ਉਹ ਜੀਵ-ਇਸਤ੍ਰੀ ਉਹੀ ਉੱਦਮ ਕਰਦੀ ਹੈ ਜੋ ਭਗਤ-ਜਨ ਕਰਦੇ ਹਨ।
(ਇਸ ਤਰ੍ਹਾਂ) ਆਤਮਕ ਅਡੋਲਤਾ ਵਿੱਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿੱਚ ਉਸਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸਨੂੰ (ਆਪਣੇ ਦਰ ਤੇ) ਇੱਜ਼ਤ ਦਿੰਦਾ ਹੈ।।੧।।
ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾਂ ਭਗਤੀ (ਦੀ ਦਾਤ) ਨਹੀਂ ਮਿਲ ਸਕਦੀ।।੧।। ਰਹਾਉ।।
ਪਰ ਜਿਹੜੀ ਜੀਵ--ਇਸਤ੍ਰੀ ਮਾਇਆ ਦੇ ਪਿਆਰ ਵਿੱਚ ਰਹਿੰਦੀ ਹੈ ਉਸਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ।
ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਉਸਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ (ਜ਼ਿੰਦਗੀ ਦੀ) ਰਾਤ ਦੁੱਖਾਂ ਵਿੱਚ ਗੁਜ਼ਰਦੀ ਹੈ।
ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜਿਹੜਾ ਮਨੁੱਖ ਗੁਰੂ ਦ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ।।੨।।

Post a Comment