8

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 32

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 32

sri guru granth sahib ji with meaning in punjabi


(ਲੁਕਾਈ ਆਮ ਤੌਰ ਤੇ) ਮਮਤਾ-ਜਲ ਵਿੱਚ ਫਸੀ ਹੋਈ (ਸਾਰਾ) ਜਗਤ (ਮਾਇਆ ਦੀ ਖਾਤਰ) ਭਾਲਦੀ ਫਿਰਦੀ ਹੈ, ਪਰ (ਇਕੱਠਾ ਕੀਤਾ) ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ।


(ਮਾਇਆ ਦੇ ਮੋਹ ਵਿੱਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿੱਚ ਬੰਨ੍ਹਿਆ ਹੁੰਦਾ ਹੈ।


ਜੇ ਗੁਰੂ ਮਿਲ ਪਏ ਤਾਂ ਹਰੀ ਨਾਮ-ਧਨ ਪ੍ਰਾਪਤ ਹੋ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭੀ ਰੱਖਦਾ ਹੈ।।੩।।


ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਉਹ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿੱਚ ਜੁੜੇ ਰਹਿੰਦੇ ਹਨ।


ਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ ਨਾਮ-ਰਸ ਵਿੱਚ ਰਸੀ ਰਹਿੰਦੀ ਹੈ।


ਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿੱਚ ਨਾਮ ਰੰਗ ਚਾੜ੍ਹ ਦਿੰਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ।।੪।।੧੪।।੪੭।।


ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।


ਜਿਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿੱਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿੱਤਰ (ਜੀਵਨ ਵਾਲਾ) ਹੋ ਜਾਂਦਾ ਹੈ।


ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫਤ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫਤ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ।।੧।।


ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ।


ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ।।੧।।ਰਹਾਉ।।


ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁੱਖ ਦੇਣ ਵਾਲਾ ਹੈ। ਆਪ ਹੀ ਮਿਹਰ ਕਰਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ।


(ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿੱਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾਂ) ਨਾਹ ਕੋਈ ਜੀਵ (ਉਸ ਦੀ ਸਿਫਤ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ।


ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦਿੰਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਉਂਦਾ ਹੈ।।੨।।


ਜੀਵ ਆਪਣੇ ਪਰਿਵਾਰ ਨੂੰ ਵੇਖ ਕੇ ਇਸ ਦੇ ਮੋਹ ਵਿੱਚ ਫਸ ਜਾਂਦਾ ਹੈ। (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ।


ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰਕੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ।


ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ।।੩।।


ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ।


ਜਿਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿੱਚ ਵਸਾਉਂਦਾ ਹੈ।


ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤ ਬਖਸ਼ਦਾ ਹੈ ਤੇ ਸੋਭਾ ਬਖਸ਼ਦਾ ਹੈ, ਆਪ ਹੀ ਗੁਰੂ ਜੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ।।੪।।੧੫।।੪੮।।


ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿੱਚ) ਸ੍ਰੇਸ਼ਟ ਹੈ। ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ। 


(ਜਿਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ।।੧।।


ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਸਿਮਰ।


(ਜਿਸ ਮਨੁੱਖ ਦੇ) ਮਨ ਵਿੱਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵੱਲੋਂ ਹਟ ਜਾਂਦੇ ਹਨ)।।੧।।ਰਹਾਉ।।


(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿੱਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ।


ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫਤ-ਸਾਲਾਹ ਕੀਤੀ ਜਾ ਸਕਦੀ ਹੈ (ਜਿਹੜਾ ਮਨੁੱਖ ਸਿਫਤ-ਸਾਲਾਹ ਕਰਦਾ ਹੈ ਉਸਨੂੰ ਪ੍ਰਭੂ) ਆਤਮਕ ਅਡੋਲਤਾ ਵਿੱਚ ਤੇ (ਆਪਣੇ) ਪ੍ਰੇਮ ਵਿੱਚ ਰੰਗ ਦਿੰਦਾ ਹੈ।


(ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿੱਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿੱਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ।।੨।।


(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।


ਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਹੈ।


ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾ ਪਾਸੋਂ) ਕਰਾਉਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ।।੩।।


(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ।


(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸਦੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ।


ਹੇ ਨਾਨਕ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿੱਚ) ਮਿਲਾਇਆ ਹੈ।।੪।।੧੬।।੪੯।।


ਪਰਮਾਤਮਾ (ਸਭ) ਗੁਣਾਂ ਦਾ ਖਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।


ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ।




No comments

Powered by Blogger.