sri guru granth sahib ji with meaning in punjabi - ang 31
sri guru granth sahib ji with meaning in punjabi - ang 31
ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ।।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿੱਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖਾਤਰ) ਹੋਰ ਹੋਰ ਦੀ (ਸੇਵਾ ਖੁਸ਼ਾਮਦ) ਕਰਦੇ ਫਿਰਦੇ ਹਨ।
ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ।।
(ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿੱਚ ਬੀਤਦੀ ਹੈ।
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ।।੧।।
(ਮਾਇਆ ਦੇ ਮੋਹ ਵਿੱਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾਂ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿੱਚ ਗਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ)।।੧।।
ਮਨ ਰੇ ਸਦਾ ਭਜਹੁ ਹਰਿ ਸਰਣਾਈ।।
ਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਰਨ ਪਿਆ ਰਹੁ।
ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ।।੧।। ਰਹਾਉ।।
(ਪਰ ਪਰਮਾਤਮਾ ਦੀ ਸਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਆ ਵੱਸੇ, ਤਦੋਂ ਪਰਮਾਤਮਾ (ਹਿਰਦੇ ਵਿੱਚੋਂ) ਨਹੀਂ ਵਿਸਰਦਾ।।੧।। ਰਹਾਉ।।
ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ।।
ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿੱਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ।
ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ।।
ਉਸ ਦਾ ਜਗਤ ਵਿੱਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿੱਚ) ਇੱਜ਼ਤ ਭੀ ਗਵਾ ਲਈ।
ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ।।੨।।
ਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿੱਚ ਮਿਲੀ ਰਹਿੰਦੀ ਹੈ।।੨।।
ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ।।
ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜਿਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।
ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ।।
ਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿੱਤਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ।
ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ।।੩।।
ਗੁਰਮੁਖ ਦਿਨ ਰਾਤ ਹਰ ਵੇਲੇ ਆਨੰਦ ਵਿੱਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ।।੩।।
ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ।।
ਜਿਹੜੇ ਮਨੁੱਖ ਸਤਿਗੁਰੂ ਦੀ ਸ਼ਰਨ ਰ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ।।
ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿੱਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ।।੪।।੧੨।।੪੫।।
ਹੇ ਨਾਨਕ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ।।੪।।੧੨।।੪੫।।
ਸਿਰੀਰਾਗੁ ਮਹਲਾ ੩।।
ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ।।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤਰੀ (ਆਪਣੇ) ਸਰੀਰ ਉੱਤੇ ਸ਼ਿੰਗਾਰ ਕਰਦੀ ਹੈ।
ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ।।
ਉਸ ਦਾ ਪਤੀ (ਉਸ ਦੀ) ਸੇਜ ਉੱਤੇ (ਕਦੇ) ਨਹੀਂ ਆਉਂਦਾ, ਉਹ ਵਿਅਰਥ ਸ਼ਿੰਗਾਰ ਕਰਕੇ ਸਦਾ ਖੁਆਰ ਹੁੰਦੀ ਹੈ।
ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ।।੧।।
(ਇਸੇ ਤਰ੍ਹਾਂ ਮਨਮੁਖ ਮਨੁੱਖ ਵਿਖਾਵੇ ਦੇ ਧਾਰਮਿਕ ਕੰਮਾਂ ਨਾਲ) ਪ੍ਰਭੂ-ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ, ਉਸਨੂੰ ਪ੍ਰਭੂ ਦਾ ਦਰ-ਘਰ ਨਹੀਂ ਦਿਸਦਾ।।੧।।
ਭਾਈ ਰੇ ਇਕ ਮਨਿ ਨਾਮੁ ਧਿਆਇ।।
ਹੇ ਭਾਈ! ਇਕਾਗ੍ਰ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰ।
ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ।।੧।। ਰਹਾਉ।।
ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁੱਖ ਮਾਣਦਾ ਹੈ।।੧।। ਰਹਾਉ।।
ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ।।
ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ।
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ।।
ਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ (ਗਰੀਬੀ ਸੁਭਾਵ ਵਾਲੇ ਹੁੰਦੇ ਹਨ), ਉਹਨਾਂ ਦੀ ਹਿਰਦੇ-ਸੇਜ ਨੂੰ ਪ੍ਰਭੂ-ਪਤੀ ਮਾਣਦਾ ਹੈ।
ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ।।੨।।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿੱਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ।।੨।।
ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ।।
ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰੂ ਮਿਲ ਪੈਂਦਾ ਹੈ।
ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ।।
(ਗੁਰੂ ਦੇ ਮਿਲਣ ਨਾਲ) ਹਿਰਦੇ ਵਿੱਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ।।੩।।
ਜਿਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿੱਚ ਹੈ, ਉਹ ਕਦੇ ਦੁੱਖ ਨਹੀਂ ਪਾਉਂਦਾ।।੩।।
ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ।।
ਗੁਰੂ ਦੀ ਰਜ਼ਾ ਵਿੱਚ ਨਾਮ-ਅੰਮ੍ਰਿਤ ਹੈ (ਜਿਹੜਾ ਰਜ਼ਾ ਵਿੱਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿੱਚ ਟਿਕ ਕੇ ਅੰਮ੍ਰਿਤ ਪੀਂਦਾ ਹੈ।
ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ।।
ਜਿਨ੍ਹਾਂ ਮਨੁੱਖਾਂ ਨੂੰ ਇਹ ਅੰਮ੍ਰਿਤ ਲੱਭ ਪਿਆ, ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪੀਤਾ।
ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ।।੪।।੧੩।।੪੬।।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿੱਚ ਮੇਲ ਹੋ ਜਾਂਦਾ ਹੈ।।੪।।੧੩।।੪੬।।
ਸਿਰੀਰਾਗੁ ਮਹਲਾ ੩।।
ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ।।
ਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦਿੰਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦਿੰਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦਿੰਦੀ ਹੈ (ਭਾਵ, ਗਿਆਨ-ਇੰਦ੍ਰੇ ਮਾਇਆ ਵੱਲੋਂ ਹਟ ਜਾਂਦੇ ਹਨ)।
ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ।।
ਉਹ ਜੀਵ-ਇਸਤ੍ਰੀ ਉਹੀ ਉੱਦਮ ਕਰਦੀ ਹੈ ਜੋ ਭਗਤ-ਜਨ ਕਰਦੇ ਹਨ।
ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ।।੧।।
(ਇਸ ਤਰ੍ਹਾਂ) ਆਤਮਕ ਅਡੋਲਤਾ ਵਿੱਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿੱਚ ਉਸਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸਨੂੰ (ਆਪਣੇ ਦਰ ਤੇ) ਇੱਜ਼ਤ ਦਿੰਦਾ ਹੈ।।੧।।
ਭਾਈ ਰੇ ਗੁਰ ਬਿਨੁ ਭਗਤਿ ਨ ਹੋਇ।।
ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ।।੧।। ਰਹਾਉ।।
ਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾਂ ਭਗਤੀ (ਦੀ ਦਾਤ) ਨਹੀਂ ਮਿਲ ਸਕਦੀ।।੧।। ਰਹਾਉ।।
ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ।।
ਪਰ ਜਿਹੜੀ ਜੀਵ--ਇਸਤ੍ਰੀ ਮਾਇਆ ਦੇ ਪਿਆਰ ਵਿੱਚ ਰਹਿੰਦੀ ਹੈ ਉਸਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ।
ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ।।
ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਉਸਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ (ਜ਼ਿੰਦਗੀ ਦੀ) ਰਾਤ ਦੁੱਖਾਂ ਵਿੱਚ ਗੁਜ਼ਰਦੀ ਹੈ।
ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ।।੨।।
ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜਿਹੜਾ ਮਨੁੱਖ ਗੁਰੂ ਦ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ।।੨।।
Next page: guru granth sahib with meaning in punjabi - ang 32

Post a Comment