sri guru granth sahib ji with meaning in punjabi - ang 32
sri guru granth sahib ji with meaning in punjabi - ang 32
ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ।।
(ਲੁਕਾਈ ਆਮ ਤੌਰ ਤੇ) ਮਮਤਾ-ਜਲ ਵਿੱਚ ਫਸੀ ਹੋਈ (ਸਾਰਾ) ਜਗਤ (ਮਾਇਆ ਦੀ ਖਾਤਰ) ਭਾਲਦੀ ਫਿਰਦੀ ਹੈ, ਪਰ (ਇਕੱਠਾ ਕੀਤਾ) ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ।
ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ।।
(ਮਾਇਆ ਦੇ ਮੋਹ ਵਿੱਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿੱਚ ਬੰਨ੍ਹਿਆ ਹੁੰਦਾ ਹੈ।
ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ।।੩।।
ਜੇ ਗੁਰੂ ਮਿਲ ਪਏ ਤਾਂ ਹਰੀ ਨਾਮ-ਧਨ ਪ੍ਰਾਪਤ ਹੋ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭੀ ਰੱਖਦਾ ਹੈ।।੩।।
ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ।।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਉਹ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿੱਚ ਜੁੜੇ ਰਹਿੰਦੇ ਹਨ।
ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ।।
ਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ ਨਾਮ-ਰਸ ਵਿੱਚ ਰਸੀ ਰਹਿੰਦੀ ਹੈ।
ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ।।੪।।੧੪।।੪੭।।
ਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿੱਚ ਨਾਮ ਰੰਗ ਚਾੜ੍ਹ ਦਿੰਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ।।੪।।੧੪।।੪੭।।
ਸਿਰੀਰਾਗੁ ਮਹਲਾ ੩।।
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ।।
ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ।।
ਜਿਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿੱਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿੱਤਰ (ਜੀਵਨ ਵਾਲਾ) ਹੋ ਜਾਂਦਾ ਹੈ।
ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ।।੧।।
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫਤ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫਤ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ।।੧।।
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ।।
ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ।
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ।।੧।। ਰਹਾਉ।।
ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ।।੧।।ਰਹਾਉ।।
ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ।।
ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁੱਖ ਦੇਣ ਵਾਲਾ ਹੈ। ਆਪ ਹੀ ਮਿਹਰ ਕਰਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ।
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ।।
(ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿੱਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾਂ) ਨਾਹ ਕੋਈ ਜੀਵ (ਉਸ ਦੀ ਸਿਫਤ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ।
ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ।।੨।।
ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦਿੰਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਉਂਦਾ ਹੈ।।੨।।
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ।।
ਜੀਵ ਆਪਣੇ ਪਰਿਵਾਰ ਨੂੰ ਵੇਖ ਕੇ ਇਸ ਦੇ ਮੋਹ ਵਿੱਚ ਫਸ ਜਾਂਦਾ ਹੈ। (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ।
ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ।।
ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰਕੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ।
ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ।।੩।।
ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ।।੩।।
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ।।
ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ।
ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ।।
ਜਿਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿੱਚ ਵਸਾਉਂਦਾ ਹੈ।
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ।।੪।।੧੫।।੪੮।।
ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤ ਬਖਸ਼ਦਾ ਹੈ ਤੇ ਸੋਭਾ ਬਖਸ਼ਦਾ ਹੈ, ਆਪ ਹੀ ਗੁਰੂ ਜੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ।।੪।।੧੫।।੪੮।।
ਸਿਰੀਰਾਗੁ ਮਹਲਾ ੩।।
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ।। ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ।।
ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿੱਚ) ਸ੍ਰੇਸ਼ਟ ਹੈ। ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ।
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ।।੧।।
(ਜਿਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ।।੧।।
ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ।।
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਸਿਮਰ।
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ।।੧।। ਰਹਾਉ।।
(ਜਿਸ ਮਨੁੱਖ ਦੇ) ਮਨ ਵਿੱਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵੱਲੋਂ ਹਟ ਜਾਂਦੇ ਹਨ)।।੧।।ਰਹਾਉ।।
ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ।।
(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿੱਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ।
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ।।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫਤ-ਸਾਲਾਹ ਕੀਤੀ ਜਾ ਸਕਦੀ ਹੈ (ਜਿਹੜਾ ਮਨੁੱਖ ਸਿਫਤ-ਸਾਲਾਹ ਕਰਦਾ ਹੈ ਉਸਨੂੰ ਪ੍ਰਭੂ) ਆਤਮਕ ਅਡੋਲਤਾ ਵਿੱਚ ਤੇ (ਆਪਣੇ) ਪ੍ਰੇਮ ਵਿੱਚ ਰੰਗ ਦਿੰਦਾ ਹੈ।
ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ।।੨।।
(ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿੱਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿੱਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ।।੨।।
ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ।।
(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।
ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ।।
ਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਹੈ।
ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ।।੩।।
ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾ ਪਾਸੋਂ) ਕਰਾਉਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ।।੩।।
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ।।
(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ।
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ।।
(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸਦੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ।
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ।।੪।।੧੬।।੪੯।।
ਹੇ ਨਾਨਕ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿੱਚ) ਮਿਲਾਇਆ ਹੈ।।੪।।੧੬।।੪੯।।
ਸਿਰੀਰਾਗੁ ਮਹਲਾ ੩।।
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ।।
ਪਰਮਾਤਮਾ (ਸਭ) ਗੁਣਾਂ ਦਾ ਖਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ।।
ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ।

Post a Comment