sri guru granth sahib ji with meaning in punjabi - ang 30
sri guru granth sahib ji with meaning in punjabi - ang 30
ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ।।੧।। ਰਹਾਉ।।
ਗੁਰੂ ਦੀ ਸਰਨ ਪੈ ਕੇ ਤੂੰ ਸਦਾ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦਾ ਰਹੁ।।੧।।ਰਹਾਉ।।
ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ।।
ਜਿਹੜੇ ਮਨੁੱਖ ਗੁਰੂ ਦੇ ਸਨਮੁੱਖ ਰਹਿੰਦੇ ਹਨ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰ ਕੇ ਉਹ (ਸਦਾ) ਸੁਰਖਰੂ ਰਹਿੰਦੇ ਹਨ।
ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ।।
ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿੱਚ ਸੁੱਖ ਮਾਣਦੇ ਹਨ।
ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ।।੨।।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਕੇ ਉਹਨਾਂ ਆਪਣੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਲਿਆ ਹੁੰਦਾ ਹੈ।।੨।।
ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।।
ਜਿਹੜੇ ਮਨੁੱਖ ਗੁਰੂ ਵੱਲੋਂ ਮੂੰਹ ਭਵਾਂਦੇ ਹਨ, ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਆਪਣੇ ਅੰਦਰੋਂ ਫਿਟਕਾਰ ਹੀ ਪੈਂਦੀ ਰਹਿੰਦੀ ਹੈ)।
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ।।
ਉਹ ਸਦਾ ਉਹੀ ਕਰਤੂਤਾਂ ਕਰਦੇ ਹਨ, ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸਦਾ ਜਮ ਦੇ ਜਾਲ ਵਿੱਚ ਜਮ ਦੀ ਤੱਕ ਵਿੱਚ ਰਹਿੰਦੇ ਹਨ।
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ।।੩।।
ਕਦੇ ਸੁਪਨੇ ਵਿੱਚ ਭੀ ਉਹ ਸੁੱਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ।।੩।।
ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ।।
ਉਹ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਹ ਆਪ ਹੀ ਬਖਸ਼ਿਸ਼ ਕਰਦਾ ਹੈ, ਉਹ ਆਪ ਹੀ (ਹਰੇਕ ਜੀਵ ਦੇ ਦਿਲ ਦੀ) ਜਾਣਦਾ ਹੈ।
ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ।।
ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿ ਮਨਮੁਖ ਕਿਉਂ ਨਾਮ ਨਹੀਂ ਚੇਤਦਾ ਤੇ ਗੁਰਮੁਖਿ ਕਿਉਂ ਸਿਮਰਦਾ ਹੈ?) ਜਿਸ ਉੱਤੇ ਉਹ ਪ੍ਰਸੰਨ ਹੁੰਦਾ ਹੈ, ਉਸਨੂੰ ਨਾਮ ਦੀ ਦਾਤ ਦੇ ਦਿੰਦਾ ਹੈ।
ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ।।੪।।੯।।੪੨।।
ਹੇ ਨਾਨਕ! (ਉਸਦੀ ਮਿਹਰ ਨਾਲ) ਗੁਰੂ ਦੀ ਸ਼ਰਨ ਪਿਆਂ ਉਸ ਨਾਲ ਮਿਲਾਪ ਹੁੰਦਾ ਹੈ।।੪।।੯।।੪੨।।
ਸਿਰੀਰਾਗੁ ਮਹਲਾ ੩।।
ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ।।
ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜਿਹੜਾ ਸਿਮਰਦਾ ਹੈ ਉਸਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦਿੰਦਾ ਹੈ।
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ।।
ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿੱਚ ਪ੍ਰਭੂ ਵਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।
ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ।।੧।।
(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਇਆ ਬੜੀ ਮੋਹਣੀ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ।।੧।।
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ।।
ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ।।੧।। ਰਹਾਉ।।
ਜਿਸ ਮਨੁੱਖ ਦੇ ਮਨ ਵਿੱਚ ਨਾਮ-ਖਜ਼ਾਨਾ ਸਦਾ ਵੱਸਦਾ ਹੈ, ਉਹ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਲੱਭ ਲੈਂਦਾ ਹੈ।।੧।। ਰਹਾਉ।।
ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ।।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿੱਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ।
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ।।
(ਮਾਇਆ ਦੇ ਮੋਹ ਵਿੱਚ ਫਸ ਕੇ) ਉਹ ਅਨੇਕਾਂ ਜੂਨਾਂ ਵਿੱਚ ਭਟਕਦਾ ਹੈ (ਕਿਤੋਂ ਭੀ ਉਸਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿੱਚ ਕਾਂ ਜਾਂਦਾ ਹੈ (ਉਥੋਂ ਉਸਨੂੰ ਮਿਲਦਾ ਕੁਝ ਨਹੀਂ)
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ।।੨।।
ਗੁਰੂ ਦੀ ਮੱਤ ਤੇ ਤੁਰਿਆਂ ਹਿਰਦੇ ਵਿੱਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ), ਗੁਰੂ ਦੇ ਸ਼ਬਦ ਵਿੱਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ।।੨।।
ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ।।
ਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ)।
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ।।
ਲੋਭ-ਗ੍ਰਸੇ ਜੀਵ (ਉੰਞ ਤਾਂ) ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਡੋਰਾ ਦਿੰਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ।
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ।।੩।।
ਮਾਇਆ ਦੇ ਮੋਹ ਵਿੱਚ ਖੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿੱਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿਸਦਾ ਹੈ, ਨਾਹ ਪਾਰਲਾ ਬੰਨਾ।।੩।।
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ।।
ਮਾਇਆ ਦੇ ਮੋਹ ਵਿੱਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ।
ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ।।
ਗੁਰੂ (ਦੀ ਸ਼ਰਨ) ਤੋਂ ਬਿਨਾਂ ਜੀਵ ਗਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿੱਚ) ਜਕੜਿਆ ਹੋਇਆ ਹੈ।
ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ।।੪।।੧੦।।੪੩।।
ਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਇਆ ਦਾ ਨਾਮ ਹਿਰਦੇ ਵਿੱਚੋਂ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ।
ਸਿਰੀਰਾਗੁ ਮਹਲਾ ੩।।
ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ।।
(ਜਗਤ ਵਿਚ) ਤ੍ਰਿਗੁਣੀ ਮਾਇਆ ਦਾ ਮੋਹ (ਪਸਰ ਰਿਹਾ) ਹੈ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਉਸ ਆਤਮਿਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ।
ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ।।
ਪਰਮਾਤਮਾ ਨੇ ਮਿਹਰ ਕਰਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿੱਚ ਮਿਲਾਇਆ ਹੈ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ।।੧।।
ਜਿਨ੍ਹਾਂ ਦੇ ਭਾਗਾਂ ਵਿੱਚ ਨੇਕੀ ਹੈ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ।।੧।।
ਭਾਈ ਰੇ ਗੁਰਮਤਿ ਸਾਚਿ ਰਹਾਉ।।
ਹੇ ਭਾਈ! ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਪ੍ਰਭੂ ਵਿੱਚ ਟਿਕੇ ਰਹੋ।
ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ।।੧।। ਰਹਾਉ।।
ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫਤ-ਸਾਲਾਹ ਵਿੱਚ ਜੁੜੇ ਰਹੋ।।੧।।ਰਹਾਉ।।
ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ।।
ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ।
ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ।।
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ।
ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ।।੨।।
(ਜਿਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸਰਨ ਪੈਂਦਾ ਹੈ ਉਹ) ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ, ਉਸਨੂੰ ਪ੍ਰਭੂ ਦਾ ਨਾਮ (- ਰੂਪ) ਲਾਭ ਹਾਸਿਲ ਹੋ ਜਾਂਦਾ ਹੈ।।੨।।
ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ।।
ਗੁਰੂ ਦੀ ਸ਼ਰਨ ਤੋਂ ਬਿਨਾਂ ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ।
ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ।।
(ਤੂੰ ਭੀ) ਅਜਿਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ।
ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ।।੩।।
(ਜਿਹੜਾ ਮਨੁੱਖ ਗੁਰੂ ਦੀ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ) ਉਹ ਕਾਮਾਦਿਕ ਦੈਂਤਾਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿੱਚ ਟਿਕਿਆ ਰਹਿੰਦਾ ਹੈ (ਉਸਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।।੩।।
ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ।।
ਕੋਈ ਭੀ ਮਨੁੱਖ (ਗੁਰੂ ਚਰਨਾਂ ਵਿੱਚ) ਸਰਧਾ ਬਣ ਕੇ ਵੇਖ ਲਏ, ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ।
ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ।।
ਇਸ ਵਿੱਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰਕੇ ਦੇਖ ਲਵੇ।)
ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ।।੪।।੧੧।।੪੪।।
ਹੇ ਨਾਨਕ! (ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲਾਪ ਹੋ ਜਾਂਦਾ ਹੈ, (ਉਸ ਸਿੱਖ ਅਤੇ ਗੁਰੂ ਦੀ) ਜੋਤਿ ਇੱਕ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੁੰਦੇ ਹਨ।।੪।।੧੧।।੪੪।।
Next page: sri guru granth sahib ji with meaning in punjabi - ang 31

Post a Comment