Sri guru granth sahib ji with meaning in punjabi - ang 29
Sri guru granth sahib ji with meaning in punjabi - ang 29
ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ।।
ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।
ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ।।੪।।੬।।੩੯।।
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ।।੪।।੬।।੩੯।।
ਸਿਰੀਰਾਗੁ ਮਹਲਾ ੩।।
ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ।।
ਪਰਮਾਤਮਾ ਦਾ ਨਾਮ ਸੁੱਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।
ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ।।
ਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿੱਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ।।੧।।
ਜੀਭ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ।।੧।।
ਭਾਈ ਰੇ ਜਗੁ ਦੁਖੀਆ ਦੂਜੈ ਭਾਇ।।
ਹੇ ਭਾਈ! (ਪਰਮਾਤਮਾ ਨੂੰ ਭੁਲਾ ਕੇ ਮਾਇਆ ਆਦਿਕ) ਹੋਰ ਪਿਆਰ ਵਿੱਚ ਪੈ ਕੇ ਜਗਤ ਦੁਖੀ ਹੋ ਰਿਹਾ ਹੈ।
ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ।।੧।। ਰਹਾਉ।।
ਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ।।੧।। ਰਹਾਉ।।
ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ।।
ਸਦਾ-ਥਿਰ ਪਰਮਾਤਮਾ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ, (ਉਸ) ਪਰਮਾਤਮਾ ਦਾ ਨਾਮ ਸਿਮਰਿਆਂ (ਸਿਮਰਨ ਵਾਲੇ ਮਨੁੱਖ ਦਾ) ਮਨ (ਭੀ) ਪਵਿੱਤਰ ਹੋ ਜਾਂਦਾ ਹੈ।
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ।।
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫਤ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ। (ਜਿਹੜਾ ਸਾਂਝ ਪਾਉਂਦਾ ਹੈ ਉਹ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ।
ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ।।੨।।
(ਜਿਸ ਮਨੁੱਖ ਨੇ ਆਪਣੇ ਅੰਦਰ) ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੌਸ਼ਨ ਕਰ ਲਿਆ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।।੨।।
ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ।।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ।
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ।।
ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਉਤਰਦੀ, (ਸ਼ਬਦ ਤੋਂ ਬਿਨਾਂ) ਆਤਮਕ ਮੌਤ ਸਹੇੜ ਕੇ ਖੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ।।੩।।
ਉਹ ਇਸ ਨਾਸਵੰਤ ਜਗਤ-ਖੇਡ ਵਿੱਚ ਫਸੇ ਰਹਿੰਦੇ ਹਨ, ਇਸ ਵਿੱਚੋਂ ਉਹਨਾਂ ਨੂੰ ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਾਰਲਾ ਬੰਨਾ।।੩।।
ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ।।
ਜਿਹੜਾ ਮੈਨੂੰ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿੱਚ ਪਿਆਰ ਪਾਉਂਦਾ ਹੈ।
ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ।।
ਗੁਰੂ ਦੀ ਸ਼ਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ।
ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ।।੪।।੭।।੪੦।।
ਹੇ ਨਾਨਕ! ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ।।੪।।੭।।੪੦।।
ਸ੍ਰੀਰਾਗੁ ਮਹਲਾ ੩।।
ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ।।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵੱਲੋਂ ਉਪਰਾਮਤਾ।
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ।।
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ, ਪਰਮਾਤਮਾ ਦੀ ਦਰਗਾਹ ਵਿੱਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ।
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ।।੧।।
ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿੱਚ ਰੰਗੇ ਜਾਈਦਾ ਹੈ, ਤੇ ਸੁੱਖ ਪ੍ਰਾਪਤ ਹੁੰਦਾ ਹੈ।।੧।।
ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ।।
ਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ।
ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ।।੧।। ਰਹਾਉ।।
(ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿੱਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ।।੧।। ਰਹਾਉ।।
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ।।
ਗੁਰੂ ਦੇ ਸਨਮੁੱਖ ਰਹਿਣ ਵਾਲਾ ਮਨੁੱਖ (ਗੁਰੂ ਦੇ ਦੱਸੇ) ਕਰਮ ਕਰਦਾ ਹੈ ਤੇ (ਅੰਦਰੋਂ) ਖਿੜਿਆ ਰਹਿੰਦਾ ਹੈ (ਕਿਉਂਕਿ ਉਸ ਦੇ ਅੰਦਰ) ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁੱਖ ਹੈ।
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ।।
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰਕੇ ਉਹ ਬੇ-ਫਿਕਰ ਰਹਿੰਦਾ ਹੈ।
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ।।੨।।
ਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਉਸ ਨੂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿੱਚ (ਟਿਕਿਆ ਹੋਇਆ) ਸੁੱਖ ਮਾਣਦਾ ਹੈ।
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ।।
ਉਹ ਮਨੁੱਖ (ਅਸਲ) ਸਾਧੂ ਹੈ, ਉਹੀ ਬੈਰਾਗੀ ਹੈ ਜਿਹੜਾ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਾਉਂਦਾ ਹੈ।
ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ।।
ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਆਪਾ-ਭਾਵ ਗਵਾਈ ਰੱਖਦਾ ਹੈ।
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ।।੩।।
ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖਜ਼ਾਨਾ (ਉਸਦੇ ਅੰਦਰ ਹੀ) ਵਿਖਾ ਦਿੱਤਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ।।੩।।
ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ।।
ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤ ਵਿੱਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿੱਚ ਜੁੜ ਕੇ ਲੱਭਾ ਹੈ।
ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ।।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਆਦਿਕ ਵਿੱਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ।
ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ।।੪।।੮।।੪੧।।
ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗੇ ਗਏ ਹਨ ਉਹ ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਜਾਂਦੇ ਹਨ (ਪਰ ਪਾਹ ਤੋਂ ਬਿਨਾਂ ਪੱਕਾ ਰੰਗ ਨਹੀਂ ਚੜ੍ਹਦਾ, ਤੇ ਨਾਮ-ਰੰਗ ਵਿੱਚ ਰੰਗੇ ਜਾਣ ਵਾਸਤੇ ਪ੍ਰਭੂ ਦੇ) ਡਰ-ਅਦਬ ਤੋਂ ਬਿਨਾਂ ਪਾਹ ਨਹੀਂ ਮਿਲ ਸਕਦੀ।।੪।।੮।।੪੧।।
ਸਿਰੀਰਾਗੁ ਮਹਲਾ ੩।।
ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ।।
(ਪਰਮਾਤਮਾ ਦਾ ਨਾਮ-ਰੂਪ) ਸਾਰਾ (ਉੱਤਮ) ਪਦਾਰਥ (ਮਨੁੱਖ ਦੇ) ਹਿਰਦੇ ਵਿੱਚ ਹੀ ਹੈ, (ਗੁਰੂ ਦੀ ਸਰਨ ਪਿਆਂ) ਇਹ ਸੌਦਾ ਹਿਰਦੇ ਵਿੱਚੋਂ ਹੀ ਮਿਲ ਪੈਂਦਾ ਹੈ।
ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ।।
(ਗੁਰੂ ਦੀ ਸਰਨ ਪੈ ਕੇ) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਜਿਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ ਗੁਰੂ ਦੀ ਰਾਹੀਂ ਕਰਦਾ ਹੈ।
ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ।।੧।।
ਜਿਸ ਨੂੰ ਵੱਡੀ ਕਿਸਮਤ ਨਾਲ ਇਹ ਖਜ਼ਾਨਾ ਮਿਲਦਾ ਹੈ (ਉਸ ਪਾਸੋਂ ਕਦੀ ਮੁੱਕਦਾ ਨਹੀਂ) (ਕਿਉਂਕਿ) ਨਾਮ-ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ।।੧।।
ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ।।
ਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ।
Next page: Sri guru granth sahib ji with meaning in punjabi - ang 30

Post a Comment