8

Guru granth sahib in Punjabi - ang 23

Guru granth sahib in punjabi - ang 23

Guru granth sahib in punjabi

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ।।

ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।

ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ।।

ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ)।

ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ।।੨।।

ਜਿਵੇਂ ਫਾਹੀ ਵਿੱਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿੱਚ ਫਸ ਕੇ) ਜੀਵ ਨੂੰ ਬਹੁਤ ਦੁੱਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ।।੨।।

ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ।।

ਖੋਟੇ ਸਿੱਕੇ (ਸਰਕਾਰੀ) ਖਜ਼ਾਨੇ ਵਿੱਚ ਨਹੀਂ ਲਏ ਜਾਂਦੇ, (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿੱਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ।

ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ।।

ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿੱਚ) ਕਾਮਯਾਬ ਨਹੀਂ ਹੋ ਸਕਦਾ।

ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ।।੩।।

ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ।।੩।।

ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ।।

ਹੇ ਨਾਨਕ! ਪਰਮਾਤਮਾ ਦੀ ਸਿਫਤ ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ।

ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ।।

ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ।

ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ।।੪।।੨੩।।

ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਵੱਸਦਾ ਹੈ।।੪।।੨੩।।

ਸਿਰੀਰਾਗੁ ਮਹਲਾ ੧ ਘਰੁ ੨।।

ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ।।

ਧਨ, ਜੁਆਨੀ ਤੇ ਨਿੱਕਾ ਜਿਹਾ ਫੁੱਲ ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ।

ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ।।੧।।

ਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ।।੧।।

ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ।।

ਹੇ ਪਿਆਰੇ! ਜਦ ਤੱਕ ਨਵੀਂ ਜੁਆਨੀ ਹੈ ਤਦ ਤੱਕ ਆਤਮਕ ਅਨੰਦ ਲੈ ਲੈ;

ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ।।੧।। ਰਹਾਉ।।

ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ ਸਕੇਗਾ)।।੧।। ਰਹਾਉ।।

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ।।

ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿੱਚ ਜਾ ਸੁੱਤੇ ਹਨ,

ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ।।੨।।

(ਮੈਂ ਉਹਨਾਂ ਦੇ ਵਿਛੋੜੇ ਵਿੱਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ।।੨।।

ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ।।

ਹੇ ਸੁੰਦਰ ਜੀਵ ਇਸਤ੍ਰੀ! ਤੂੰ ਧਿਆਨ ਨਾਲ ਇਹ ਖਬਰ ਕਿਉਂ ਨਹੀਂ ਸੁਣਦੀ?

ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ।।੩।।

ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿੱਚ) ਜ਼ਰੂਰ ਜਾਣਾ ਪਵੇਗਾ।।।੩।।

ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ।।

ਹੇ ਨਾਨਕ! ਜਿਹੜੀ ਜੀਵ ਇਸਤ੍ਰੀ ਪੀਕੇ ਘਰ (ਇਸ ਪਰਲੋਕ ਵਿੱਚ ਗਫਲਤ ਦੀ ਨੀਂਦ ਵਿੱਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ।

ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ।।੪।।੨੪।।

ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ।।੪।।੨੪।।

ਸਿਰੀਰਾਗੁ ਮਹਲਾ ੧ ਘਰੁ ਦੂਜਾ ੨।।

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ।।

ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿੱਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ।

ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ।।੧।।

ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ।।੧।।

ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ।।੧।। ਰਹਾਉ।।

ਮੇਰਾ ਮਾਲਕ ਪ੍ਰਭੂ ਪਿਆਰ ਵਿੱਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿੱਚ) ਪੂਰਨ ਤੌਰ ਤੇ ਵਿਆਪਕ ਹੈ।।੧।। ਰਹਾਉ।।

ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ।।

ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿੱਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿੱਚ ਮੱਛੀ ਫੜੀਦੀ ਹੈ)।

ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ।।੨।।

ਪ੍ਰਭੂ ਹੀ ਉਸ ਜਲ ਦੇ ਮਣਕੇ ਹੈ, ਆਪ ਹੀ ਉਸ ਜਲ ਵਿੱਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ)।।੨।।

ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ।।

ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ।

ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ।।੩।।

ਭਾਗਾਂ ਵਾਲੀਆ ਜੀਵ ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ)।।੩।।

ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ।।

ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ।

ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ।।੪।।੨੫।।

ਸੂਰਜ ਦੀ ਰੌਸ਼ਨੀ ਵਿੱਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿੱਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖੁਸ਼ ਹੋਣ ਵਾਲਾ ਹੈਂ।।੪।।੨੫।।

ਸਿਰੀਰਾਗੁ ਮਹਲਾ ੧ ਘਰੁ ੩।।

ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ।।

ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿੱਚ ਸਿੰਚਨ ਕਰ।

ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ।।੧।।

ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਉਗਾ। ਇਸ ਤਰ੍ਹਾਂ ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ।।੧।।

ਕਾਹੇ ਗਰਬਸਿ ਮੂੜੇ ਮਾਇਆ।।

ਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ?

ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ।। ਰਹਾਉ।।

ਪਿਤਾ, ਪੁੱਤਰ, ਇਸਤ੍ਰੀ, ਮਾਂ ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ।।ਰਹਾਉ।।

ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ।।

 ਜਿਹੜਾ ਮਨੁੱਖ ਚੰਦਰੇ ਵਿਸ਼ੇ-ਵਿਕਾਰਾਂ ਨੂੰ ਹਿਰਦਾ-ਭੁਇਂ ਵਿੱਚੋਂ ਇਉਂ ਪੁੱਟ ਦੇਂਦਾ ਹੈ ਜਿਵੇਂ ਖੇਤੀ ਵਿੱਚੋਂ ਨਦੀਨ, ਇਹਨਾਂ ਵਿਕਾਰਾਂ ਦਾ ਤਿਆਗ ਕਰਕੇ ਜੋ ਮਨੁੱਖ ਆਪਣੇ ਅੰਦਰ ਇੱਕ-ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ,

ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ।।੨।।

ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ।।੨।।

ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ।।

ਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿੱਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿੱਚ ਮੌਤ ਨੂੰ ਚੇਤੇ ਰੱਖੇ,

ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ।।੩।।੨੬।।

ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ ਵਿੱਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਹੇ ਨਾਨਕ! ਇਸ ਤਰ੍ਹਾਂ ਪਰਮਾਤਮਾ ਉਸਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।।੩।।੨੬।।






No comments

Powered by Blogger.