guru granth sahib translation - ang 24
Sri guru granth sahib ji with meaning in punjabi - ang 24
ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ।।
(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੋਇਂ ਬਣਾ, (ਇਸ ਕਰਮ-ਭੋਇਂ ਵਿੱਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੋਇਂ ਵਿੱਚ) ਸਦਾ ਦੇਂਦਾ ਰਹੁ।
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ।।੧।।
ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿੱਚ ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ।।੧।।
ਮਤੁ ਜਾਣ ਸਹਿ ਗਲੀ ਪਾਇਆ।।
(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ।
ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ।।੧।। ਰਹਾਉ।।
ਜੇ (ਬੇਈਮਾਨੀਆਂ ਕਰਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿੱਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿੱਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ ਇਸ ਤਰ੍ਹਾਂ ਮਨੁੱਖਾ ਜਨਮ ਅਜ਼ਾਈਂ ਚਲਾ ਜਾਂਦਾ ਹੈ।।੧।। ਰਹਾਉ।।
ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ।।
(ਜਦ ਤੱਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ ਚਿੱਕੜ ਵਿੱਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿੱਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿੱਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ।।੨।।
(ਭੌਰਾ ਆ ਕੇ ਕੌਲ ਫੁੱਲ ਉੱਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਸ ਹੀ ਚਿੱਕੜ ਵਿੱਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ ਭੌਰਾ ਸਦਾ (ਹਰੀ ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜਿਹੀ ਸਮਝ ਹੀ ਨਹੀਂ।।੨।।
ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ।।
(ਹੇ ਕਾਜ਼ੀ! ਜਦ ਤੱਕ) ਇਹ ਮਨ ਮਾਇਆ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ।।੩।।
ਉਹ ਬੰਦੇ ਮਾਲਕ ਰੱਬ ਦੀ ਮਿਹਰ ਦੀ ਨਜ਼ਰ ਵਿੱਚ ਹਨ, ਉਹੀ ਬੰਦੇ ਉਸਦੇ ਦਿਲ ਵਿੱਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸਨੂੰ ਸਿਮਰਿਆ ਹੈ।।੩।।
ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ।।
(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਮਾਜ਼ਾਂ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖਾਤਰ ਕਰਦਾ ਹੈਂ, ਕਿ ਮੈਨੂੰ ਕੋਈ ਸ਼ੈਤਾਨ (ਮਾੜਾ ਬੰਦਾ) ਨਾ ਆਖੇ) (ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ।)
ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ।।੪।।੨੭।।
ਪਰ, ਨਾਨਕ ਆਖਦਾ ਹੈ (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿੱਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ)।।੪।।੨੭।।
ਸਿਰੀਰਾਗੁ ਮਹਲਾ ੧ ਘਰੁ ੪।।
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ।।
ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ ਭਰਾ ਕੀਤਾ ਹੈ।
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ।।੧।।
ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ (ਉਸੇ ਦੀ ਸਿਫਤ ਸਾਲਾਹ ਕਰੋ), ਉਹੀ (ਅਸਲ) ਮਾਲਕ ਹੈ (ਮੌਤ ਦਾ ਮਾਰਕ ਭੀ ਉਹੀ ਹੈ, ਵਿਰੋਧੀ ਤੱਤਾਂ ਵਾਲੀ ਖੇੜਾ ਅੱਖਰ ਮੁੱਕਣੀ ਹੀ ਹੋਈ, ਤੇ ਉਹੀ ਮੁਕਾਂਦਾ ਹੈ।।੧।।
ਮਰਣਾ ਮੁਲਾ ਮਰਣਾ।।
ਹੇ ਮੁੱਲਾਂ! ਮੌਤ ਦਾ ਡਰ ਹਰੇਕ ਦੇ ਸਿਰ ਉੱਤੇ ਹੈ।
ਭੀ ਕਰਤਾਰਹੁ ਡਰਣਾ ।।੧।। ਰਹਾਉ।।
ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ (ਰੱਬ ਦੇ ਡਰ ਵਿੱਚ ਰਹਿਣਾ ਹੀ ਫਬਦਾ ਹੈ। ਭਾਵ, ਰੱਬ ਦੇ ਡਰ ਵਿੱਚ ਰਿਹਾਂ ਹੀ ਮੌਤ ਦਾ ਡਰ ਦੂਰ ਹੋ ਸਕਦਾ ਹੈ)।।੧।। ਰਹਾਉ।।
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ।।
(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਸਕੀਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਸਮਝ ਤਦੋਂ ਹੀ ਕਾਜ਼ੀ, ਜਦੋਂ ਤੂੰ ਰੱਬ ਦੇ ਨਾਮ ਵਿੱਚ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ)
ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ।।੨।।
ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਲੈ ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਜਦੋਂ ਪਾਣੀ ਨਾਲ ਭਰ ਜਾਂਦੀ ਹੈ, ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇਥੇ ਰਹਿ ਨਹੀਂ ਸਕਦਾ।।੨।।
ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ।।
ਉਹੀ ਮਨੁੱਖ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਹੈ, ਅਤੇ ਜਿਸਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ,
ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ।।੩।।
ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ।।੩।।
ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ।।
(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ, ਤੂੰ ਕੁਰਾਨ ਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸਵਾਰਥ ਵਿੱਚ ਬੱਝਾ ਰਹਿ ਕੇ ਮੌਤ ਤੋਂ ਡਰਦਾ ਹੈਂ)।
ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ।।੪।।੨੮।।
ਨਾਨਕ ਆਖਦਾ ਹੈ (ਹੇ ਕਾਜ਼ੀ!) ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇਥੇ ਦਾ ਇਥੇ ਹੀ ਧਰਿਆ ਰਹਿ ਜਾਂਦਾ ਹੈ (ਸੋ, ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿੱਚ ਟਿਕਿਆ ਰਹੁ)।।੪।।੨੮।।
ਸਿਰੀਰਾਗੁ ਮਹਲਾ ੧ ਘਰੁ ੪।।
ਏਕੁ ਸੁਆਨੁ ਦੁਇ ਸੁਆਨੀ ਨਾਲਿ।।
ਮੇਰੇ ਨਾਲ ਇੱਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ।
ਭਲਕੇ ਭਉਕਹਿ ਸਦਾ ਬਇਆਲਿ।।
(ਦੋ ਜੋ ਨਿੱਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ।)
ਕੂੜੁ ਛੁਰਾ ਮੁਠਾ ਮੁਰਦਾਰੁ।।
(ਮੇਰੇ ਹੱਥ ਵਿੱਚ) ਝੂਠ ਛੁਰਾ ਹੈ, ਮੈਂ ਮਾਇਆ ਵਿੱਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ)
ਧਾਣਕ ਰੂਪਿ ਰਹਾ ਕਰਤਾਰ।।੧।।
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿੱਚ ਰਹਿੰਦਾ ਹਾਂ।।੧।।
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ।।
ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ।
ਹਉ ਬਿਗੜੈ ਰੂਪਿ ਰਹਾ ਬਿਕਰਾਲ।।
ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ।
ਤੇਰਾ ਏਕੁ ਨਾਮੁ ਤਾਰੇ ਸੰਸਾਰੁ।।
ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਉਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।
ਮੈ ਏਹਾ ਆਸ ਏਹੋ ਆਧਾਰੁ।।੧।। ਰਹਾਉ।।
ਮੈਨੂੰ ਹੁਣ ਸਿਰਫ ਇਹੀ ਆਸ ਹੈ, ਇਹੋ ਆਸਰਾ ਹੈ।।੧।। ਰਹਾਉ।।
ਮੁਖਿ ਨਿੰਦਾ ਆਖਾ ਦਿਨੁ ਰਾਤਿ।।
ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ।
ਪਰ ਘਰੁ ਜੋਹੀ ਨੀਚ ਸਨਾਤਿ।।
ਮੈ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ।
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ।।
ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ।
ਧਾਣਕ ਰੂਪਿ ਰਹਾ ਕਰਤਾਰ।।੨।।
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ।।੨।।
ਫਾਹੀ ਸੁਰਤਿ ਮਲੂਕੀ ਵੇਸੁ।।
ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾਵਾਂ, ਪਰ ਮੈਂ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ।
ਹਉ ਠਗਵਾੜਾ ਠਗੀ ਦੇਸੁ।।
ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ।
ਖਰਾ ਸਿਆਣਾ ਬਹੁਤਾ ਭਾਰੁ।।
(ਜਿਉਂ ਜਿਉਂ) ਮੈਂ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)।
ਧਾਣਕ ਰੂਪਿ ਰਹਾ ਕਰਤਾਰ।।੩।।
ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ।।੩।।
ਮੈ ਕੀਤਾ ਨ ਜਾਤਾ ਹਰਾਮਖੋਰੁ।।
ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ।
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ।।
ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ?
ਨਾਨਕ ਨੀਚੁ ਕਹੈ ਬੀਚਾਰੁ।।
ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,
ਧਾਣਕ ਰੂਪਿ ਰਹਾ ਕਰਤਾਰ।।੪।।੨੯।।
ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ।।੪।।੨੯।।
ਸਿਰੀਰਾਗੁ ਮਹਲਾ ੧ ਘਰੁ ੪।।
ਏਕਾ ਸੁਰਤਿ ਜੇਤੇ ਹੈ ਜੀਅ।।
ਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇੱਕ ਪਰਮਾਤਮਾ ਦੀ ਹੀ ਬਖਸ਼ੀ ਹੋਈ ਸੂਝ ਕੰਮ ਕਰ ਰਹੀ ਹੈ।
ਸੁਰਤਿ ਵਿਹੂਣਾ ਕੋਇ ਨ ਕੀਅ।।
ਕੋਈ ਵੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ।

Post a Comment