8

guru granth sahib with meaning in punjabi - ang 26

guru granth sahib with meaning in punjabi - ang 26

guru granth sahib with meaning in punjabi

ਸਭ ਦੁਨੀਆ ਆਵਣ ਜਾਣੀਆ ।।੩।।
ਜਗਤ ਉਸਨੂੰ ਨਾਸਵੰਤ ਦਿਸਦਾ ਹੈ।।੩।।

ਵਿਚਿ ਦੁਨੀਆ ਸੇਵ ਕਮਾਈਐ।।
ਦੁਨੀਆ ਵਿੱਚ (ਆ ਕੇ) ਪ੍ਰਭੂ ਦੀ ਸੇਵਾ ਸਿਮਰਨ ਕਰਨੀ ਚਾਹੀਦੀ ਹੈ। 

ਤਾ ਦਰਗਹ ਬੈਸਣੁ ਪਾਈਐ।।
ਤਦੋਂ ਹੀ ਉਸਦੀ ਹਜ਼ੂਰੀ ਵਿੱਚ ਬੈਠਣ ਨੂੰ ਥਾਂ ਮਿਲਦਾ ਹੈ।

ਕਹੁ ਨਾਨਕ ਬਾਹ ਲੁਡਾਈਐ।।੪।।੩੩।।
ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) ਬੇਫਿਕਰ ਹੋ ਜਾਈਦਾ ਹੈ। (ਕੋਈ ਚਿੰਤਾ ਸੋਗ ਨਹੀਂ ਵਿਆਪਦਾ)।।੪।।੩੩।।

ਸਿਰੀਰਾਗੁ ਮਹਲਾ ੩ ਘਰੁ ੧
ਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ।।
ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ।।
ਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸ਼ਰਨ ਲੈਂਦਾ ਹਾਂ।

ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ।।
ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ। 

ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ।।
(ਗੁਰੂ ਪਾਸੋਂ) ਮਨ ਇੱਛਤ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।

ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ।।੧।।
(ਪਰ) ਪਰਮਾਤਮਾ ਦਾ ਨਾਮ ਹੀ ਸਿਮਰਨ ਚਾਹੀਦਾ ਹੈ ਤੇ (ਗੁਰੂ ਪਾਸੋਂ) ਨਾਮ ਹੀ ਮੰਗਣਾ ਚਾਹੀਦਾ ਹੈ। ਨਾਮ ਵਿੱਚ ਜੁੜਿਆ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ।।੧।।

ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ।।
ਹੇ ਮੇਰੇ ਮਨ! ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖ, (ਤੇਰੀ ਮਾਇਆ ਵਾਲੀ) ਤ੍ਰਿਸ਼ਨਾ ਦੂਰ ਹੋ ਜਾਏਗੀ। 

ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ।।੧।। ਰਹਾਉ।।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ 'ਹਰਿ ਰਸ' ਚੱਖਿਆ, ਉਹ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ।।੧।। ਰਹਾਉ।।

ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ।।
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸ਼ਰਨ ਲਈ ਹੈ, ਉਹਨਾਂ ਨੇ (ਸਭ ਪਦਾਰਥਾਂ ਦਾ) ਖਜ਼ਾਨਾ ਪ੍ਰਭੂ-ਨਾਮ ਪ੍ਰਾਪਤ ਕਰ ਲਿਆ ਹੈ।

ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ।।
ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿੱਚੋਂ ਅਹੰਕਾਰ ਦੂਰ ਹੋ ਗਿਆ ਹੈ।

ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ।।
ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਕ ਅਡੋਲਤਾ ਵਿੱਚ ਲੱਗ ਗਈ ਹੈ।

ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ।।੨।।
ਉਹਨਾਂ ਦਾ ਪਵਿੱਤਰ (ਹੋ ਚੁੱਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ।।੨।।

ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ।।
(ਪਰ) ਜਗਤ ਵਿੱਚ ਉਹ ਬੰਦੇ ਵਿਰਲੇ ਹਨ ਜਿਹੜੇ ਪਿਆਰੇ ਸਤਿਗੁਰੂ ਦੀ ਸ਼ਰਨ ਲੈਂਦੇ ਹਨ,

ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ।।
ਜਿਹੜੇ ਹਉਮੈ ਨੂੰ ਤੇ ਮਲਕੀਅਤ ਕੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਟਿਕਾਂਦੇ ਹਨ।

ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ।।
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿੱਚ ਹੀ ਪ੍ਰੇਮ ਬਣਿਆ ਰਹਿੰਦਾ ਹੈ।

ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ।।੩।।
ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾਹ ਮੁੱਕਣ ਵਾਲਾ ਬੇਅੰਤ ਨਾਮ (ਦਾ ਖਜ਼ਾਨਾ) ਹੈ।।੩।।

ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ।।
ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, (ਨਾਮ ਦੀ ਬਰਕਤਿ ਨਾਲ) ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ।।
ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇੱਕ ਮਿੱਕ ਹੋਇਆ ਰਹਿੰਦਾ ਹੈ, ਦੁਨੀਆਂ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵੱਲੋਂ) ਉਪਰਾਮ ਰਹਿੰਦਾ ਹੈ।

ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ।।
ਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ ਹੈ।

ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ।।੪।।੧।।੩੪।।
ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ।।੪।।੧।।੩੪।।

ਸਿਰੀਰਾਗੁ ਮਹਲਾ ੩।।

ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ।।
ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿੱਚ ਹਿਰਦੇ ਵਿੱਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿੱਚ ਪੈ ਜਾਈਦਾ ਹੈ।

ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ।।੧।।
(ਜਿਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ)  ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿੱਚ ਫਸਿਆ ਰਹਿੰਦਾ ਹੈ।।੧।।

ਮਨ ਰੇ ਗ੍ਰਿਹ ਹੀ ਮਾਹਿ ਉਦਾਸੁ।।
ਹੇ (ਮੇਰੇ) ਮਨ! ਗ੍ਰਿਹਸਤ ਵਿੱਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵੱਲੋਂ) ਨਿਰਲੇਪ (ਰਹੁ)।

ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ।।੧।। ਰਹਾਉ।।
(ਪਰ ਜਿਸ ਮਨੁੱਖ ਦੇ ਹਿਰਦੇ ਵਿੱਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ ਥਿਰ ਪ੍ਰਭੂ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵੱਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ)।।੧।। ਰਹਾਉ।।

ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ।।
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਮਨ ਨੂੰ ਵੱਸ ਵਿੱਚ ਕਰ ਲਿਆ ਹੈ, ਉਹ ਗ੍ਰਿਹਸਤ ਵਿੱਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ।

ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ।।੨।।
(ਇਸ ਵਾਸਤੇ, ਹੇ ਮਨ!) ਸਾਧ ਸੰਗਤ ਦੇ ਇਕੱਠ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।।੨।।

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ।।
ਜੇ ਤੂੰ (ਕਾਮ ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ,

ਬਿਨੁ ਸਤਿਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ।।੩।।
ਤਾਂ ਭੀ ਸਤਿਗੁਰ ਦੀ ਸ਼ਰਨ ਤੋਂ ਬਿਨਾਂ ਆਤਮਕ ਸੁੱਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿੱਚ ਪਿਆ ਰਹੇਂਗਾ।।੩।।

ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ।।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿੱਚ ਪਹਿਨ ਲਿਆ ਹੈ,

ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ।।੪।।
ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ।।੪।।

ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ।।
(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।

ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ।।੫।।੨।।੩੫।।
ਹੇ ਹਰੀ! (ਮੈਨੂੰ) ਆਪਣਾ ਨਾਮ ਬਖਸ਼, ਤਾਂ ਕਿ ਆਤਮਕ ਅਡੋਲਤਾ ਵਿੱਚ ਟਿਕ ਕੇ, ਤੇਰੇ ਪ੍ਰੇਮ ਵਿੱਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ।























No comments

Powered by Blogger.