sri guru granth sahib ji in Punjabi - ang 18
sri guru granth sahib ji in Punjabi ang 18
ਹੇ ਪ੍ਰਭੂ! ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖਸ਼ਸ਼ਾਂ ਹਨ।
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦੀਨੁ ਰਾਤਿ।।
ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫਤਾਂ ਕਰ ਰਹੇ ਹਨ।
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ।।੩।।
ਤੇਰੇ ਬੇਅੰਤ ਹੀ ਰੂਪ ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਿੱਚ ਹਨ।।੩।।
ਸਚੁ ਮਿਲੈ ਸਚੁ ਉੂਪਜੈ ਸਚ ਮਹਿ ਸਾਚਿ ਸਮਾਇ।।
ਜੇ ਮਨੁੱਖ ਸਿਮਰਨ ਦੀ ਰਾਹੀਂ ਸਦਾ ਥਿਰ ਪ੍ਰਭੂ ਵਿੱਚ ਲੀਨ ਰਹੇ, ਉਸਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ (ਉਸ ਦੇ ਹਿਰਦੇ ਵਿੱਚ) ਪਰਗਟ ਹੋ ਜਾਂਦਾ ਹੈ।
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ।।
ਉਸ ਦੀ ਸੁਰਤ (ਪ੍ਰਭੂ ਚਰਨਾਂ ਵਿੱਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ।
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ।।੪।।੧੦।।
ਤੇ ਹੇ ਨਾਨਕ! ਸਦਾ ਥਿਰ ਰਹਿਣ ਵਾਲਾ ਪ੍ਰਭੂ ਪਾਤਿਸ਼ਾਹ ਉਸਨੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ।।੪।।੧੦।।
ਸਿਰੀਰਾਗੁ ਮਹਲਾ ੧।।
ਰਾਗ ਸਿਰੀਰਾਗ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ।।
(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿੱਚੋਂ ਹਉਮੈ ਮਰ ਗਈ।
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ।।
ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿੱਚ ਹੋ ਗਏ।
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ।।੧।।
ਸਦਾ ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ - ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ।।੧।।
ਮਨ ਰੇ ਸਚੁ ਮਿਲੈ ਭਉ ਜਾਇ।।
ਹੇ (ਮੇਰੇ) ਮਨ! ਜਦੋਂ ਸਦਾ ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆਂ ਦਾ ਡਰ ਸਹਿਮ ਦੂਰ ਹੋ ਜਾਂਦਾ ਹੈ।
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ।।੧।। ਰਹਾਉ।।
ਜਦ ਤੱਕ ਪਰਮਾਤਮਾ ਦਾ ਡਰ - ਅਦਬ ਮਨ ਵਿੱਚ ਨਾਹ ਹੋਵੇ, ਮਨੁੱਖ ਦੁਨੀਆਂ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿੱਚ ਜੁੜਦਾ ਹੈ।।੧।।ਰਹਾਉ।।
ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ।।
ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿੱਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ)।
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ।।
(ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ ਇੱਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿੱਚ ਸੁਖ ਭੀ ਨਹੀਂ ਹੈ)।
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ।।੨।।
ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿੱਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ।।੨।।
ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ।।
ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇੱਕ ਖਿਨ ਵਿੱਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ।
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ।।
(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ - ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ।
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ।।੩।।
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।।੩।।
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ।।
ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖਰੀਦਿਆ ਜਾ ਸਕਦਾ ਹੈ।
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ।।
ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾ ਖਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ।
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ।।੪।।੧੧।।
ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ।।੪।।੧੧।।
ਸਿਰੀਰਾਗੁ ਮਹਲੁ ੧।।
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ।।
ਪ੍ਰਭੂ ਦੀ ਸਿਫਤ ਸਾਲਾਹ ਕਰਕੇ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ (ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜ਼ੇਵਰ ਢਲ ਕੇ) ਮੁੜ (ਉਸੇ) ਧਾਤ ਨਾਲ ਇੱਕ ਰੂਪ ਹੋ ਜਾਂਦਾ ਹੈ।
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ।।
(ਸਿਫਤ - ਸਾਲਾਹ ਦੀ ਬਰਕਤਿ ਨਾਲ) ਮਨੁੱਖ ਉੱਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ (ਮਨੁੱਖ ਦਾ ਚਿਹਰਾ ਚਮਕ ਉੱਠਦਾ ਹੈ)
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ।।੧।।
ਪਰ ਉਹ ਸਦਾ ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫਤ ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿੱਚ ਹੀ (ਮਗਨ ਰਹਿੰਦੇ) ਹਨ।।੧।।
ਭਾਈ ਰੇ ਸੰਤ ਜਨਾ ਕੀ ਰੇਣੁ।।
ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ।
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ।।੧।। ਰਹਾਉ।।
ਸੰਤ ਜਨਾਂ ਦੀ ਸਭਾ ਵਿੱਚ (ਸਤਸੰਗ ਵਿੱਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ।।੧।।ਰਹਾਉ।।
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ।।
ਪਰਮਾਤਮਾ (ਦੇ ਰਹਿਣ) ਦਾ ਸੋਹਣਾ ਥਾਂ ਉੱਚਾ ਹੈ, ਉਸ ਦਾ ਮਹਲ (ਸਭ ਤੋਂ) ਉੱਪਰ ਹੈ।
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ।।
ਉਸ ਦਾ ਦਰ ਉਸ ਦਾ ਘਰ ਮਹਲ ਪਿਆਰ ਦੇ ਰਾਹੀਂ ਲੱਭਦਾ ਹੈ, ਟਿਕਵਾਂ (ਚੰਗਾ) ਆਚਰਣ ਦੇ ਕੇ ਲੱਭੀਦਾ ਹੈ।
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ।।੨।।
(ਪਰ ਉੱਚਾ ਆਚਰਨ ਭੀ ਸੌਖੀ ਖੇਡ ਨਹੀਂ, ਮਨ ਵਿਕਾਰਾਂ ਵੱਲ ਹੀ ਪ੍ਰੇਰਦਾ ਰਹਿੰਦਾ ਹੈ, ਤੇ) ਮਨ ਨੂੰ ਗੁਰੂ ਦੀ ਰਾਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ।।੨।।
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ।।
(ਦੁਨੀਆ ਵਿੱਚ ਆਮ ਤੌਰ ਤੇ) ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਹੀ ਕਰਮ ਕਰੀਦੇ ਹਨ, ਜਿਸ ਕਰਕੇ ਆਸਾ ਤੇ ਸਂਹਸਿਆਂ ਦਾ ਗੇੜ ਬਣਿਆ ਰਹਿੰਦਾ ਹੈ (ਇਹਨਾਂ ਦੇ ਕਾਰਨ ਮਨ ਵਿੱਚ ਖਿੱਚ ਬਣਦੀ ਹੈ)।
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ।।
ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿੱਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ।।੩।।
ਜਦੋਂ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਮਨੁੱਖ (ਆਪਣੇ ਮਨ ਦੀ) ਮੈਲ ਸਾਫ ਕਰਦਾ ਹੈ (ਮਨ ਭਟਕਣੋ ਹਟ ਜਾਂਦਾ ਹੈ) ਤੇ ਅਡੋਲਤਾ ਵਿੱਚ ਪਰਮਾਤਮਾ ਦਾ ਟਿਕਾਣਾ (ਆਪਣੇ ਅੰਦਰ ਹੀ) ਪਛਾਣ ਲਈਦਾ ਹੈ।।੩।।
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ।।
ਗੁਰੂ ਤੋਂ ਬਿਨਾਂ ਮਨ ਦੀ ਮੈਲ ਨਹੀਂ ਧੁਪਦੀ, ਪਰਮਾਤਮਾ ਵਿੱਚ ਜੁੜਨ ਤੋਂ ਬਿਨਾਂ ਮਾਨਸਕ ਅਡੋਲਤਾ ਨਹੀਂ ਲੱਭਦੀ।
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ।।
ਇੱਕ (ਰਾਜ਼ਕ) ਪ੍ਰਭੂ ਦੀ ਹੀ ਸਿਫਤ ਸਾਲਾਹ ਵਿਚਾਰਨੀ ਚਾਹੀਦੀ ਹੈ (ਜੋ ਸਿਫ਼ਤ ਸਾਲਾਹ ਕਰਦਾ ਹੈ ਉਹ) ਹੋਰ ਹੋਰ ਆਸਾਂ ਛੱਡ ਦੇਂਦਾ ਹੈ।
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ।।੪।।੧੨।।
ਹੇ ਨਾਨਕ! ਜਿਹੜਾ ਗੁਰੂ ਆਪ ਪ੍ਰਭੂ ਦਾ ਦਰਸ਼ਨ ਕਰਾ ਕੇ ਮੈਨੂੰ ਦਰਸ਼ਨ ਕਰਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।।੪।।੧੨।।
ਸਿਰੀਰਾਗੁ ਮਹਲਾ ੧।।
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ।।
ਜਿਹੜੀ ਭਾਗ - ਹੀਣ ਜੀਵ ਇਸਤ੍ਰੀ (ਪ੍ਰਭੂ ਪਤੀ ਤੋਂ ਬਿਨਾਂ ਮਾਇਆ ਆਦਿਕ) ਹੋਰ ਦੂਜੇ ਪਿਆਰ ਵਿੱਚ ਹੀ ਠੱਗੀ ਰਹਿੰਦੀ ਹੈ ਉਹ ਦਾ ਜੀਉਣਾ ਫਿਟਕਾਰ ਜੋਗ ਹੀ ਹੈ।
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ।।
ਜਿਵੇਂ ਕੱਲਰ ਦੀ ਕੰਧ (ਸਹਜੇ ਸਹਜੇ) ਕਿਰਦੀ ਰਹਿੰਦੀ ਹੈ, ਤਿਵੇਂ ਉਸਦਾ ਆਤਮਕ ਜੀਵਨ ਭੀ ਦਿਨ ਰਾਤ (ਮਾਇਆ ਦੇ ਮੋਹ ਵਿੱਚ) ਕਿਰ ਕਿਰ ਕੇ ਢਹਿ - ਢੇਰੀ ਹੁੰਦਾ ਜਾਂਦਾ ਹੈ।
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ।।੧।।
(ਸੁਖ ਦੀ ਖਾਤਰ ਉਹ ਦੌੜ ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਮਾਨਸਕ ਦੁੱਖ ਦੂਰ ਨਹੀਂ ਹੁੰਦਾ।।੧।।
ਮੁੰਧੇ ਪਿਰ ਬਿਨੁ ਕਿਆ ਸੀਗਾਰੁ।।
ਹੇ ਮੂਰਖ ਜੀਵ ਇਸਤ੍ਰੀ! ਜੇ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ।

Post a Comment