8

Guru granth sahib in punjabi - ang 15

Guru granth sahib in punjabi ang 15 

Guru granth sahib in punjabi

ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ।।

ਹੇ ਨਾਨਕ! (ਆਖ ਕਿ ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗਜ਼ ਹੋਣ ਤੇ ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ,

ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ।।

ਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ,

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ।।੪।।੨।।

ਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।।੪।।੨।।

ਸਿਰੀਰਾਗੁ ਮਹਲਾ ੧।।

ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ।।

ਸਾਡਾ ਬੋਲ ਚਾਲ, ਸਾਡਾ ਖਾਣ ਪੀਣ ਥੋੜੇ ਹੀ ਸਮੇਂ ਲਈ ਹੈ,

ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ।।

ਜਿਸ ਜੀਵਨ ਸਫਰ ਵਿੱਚ ਅਸੀਂ ਤੁਰੇ ਹੋਏ ਹਾਂ ਇਹ ਸਫਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ ਰੰਗ ਤੇ ਰੰਗ ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।

ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ।।੧।।

ਅਸੀਂ ਜ਼ਿੰਦਗੀ ਦੇ ਸਾਹ ਗਿਣੇ ਮਿਥੇ ਸਮੇਂ ਲਈ ਹੀ ਲੈ ਰਹੇ ਹਾਂ। ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ।।੧।।

ਬਾਬਾ ਮਾਇਆ ਰਚਨਾ ਧੋਹੁ।।

ਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ।

ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ।।੧।। ਰਹਾਉ।।

ਪਰ ਇਸ ਚਾਰ ਦਿਨ ਦੀ ਖੇਡ ਵਿੱਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ।।੧।। ਰਹਾਉ।।

ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ।।

ਜਗਤ ਵਿੱਚ ਜਨਮ ਲੈ ਕੇ ਜੰਮਣ ਤੋਂ ਮਰਨ ਤੱਕ ਸਾਰੀ ਉਮਰ (ਮਨੁੱਖ) ਖਾਣ ਦੇ ਆਹਰੇ ਪਦਾਰਥ ਇਕੱਠੇ ਕਰਨ ਵਿੱਚ ਦੇ ਆਹਰੇ ਲੱਗਾ ਰੁੱਝਿਆ ਰਹਿੰਦਾ ਹੈ।

ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ।।

(ਜਿਨ੍ਹਾਂ ਦੀ ਖਾਤਰ ਇਹ ਦੌੜ ਭੱਜ ਕਰਦਾ ਹੈ, ਉਹਨਾਂ ਵਿੱਚੋਂ) ਕੋਈ ਭੀ ਉਹ ਥਾਂ ਤੱਕ ਸਾਥ ਨਹੀਂ ਨਿਬਾਹੁੰਦਾ, ਜਿੱਥੇ ਇਸ ਨੂੰ (ਸਾਰੀ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ।

ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ।।੨।।

(ਇਸ ਦੇ ਮਰਨ ਪਿੱਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ)।।੨।।

ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ।।

(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ)

ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ।।

ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ - ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ। ਆਪਣੇ ਕਹਿਣ - ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ - ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ।

ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ।।੩।।

ਹੇ ਪ੍ਰਭੂ! ਇੱਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖ਼ਾਲਕ ਹੈਂ, ਹੋਰ ਸਾਰੇ ਜੀਆ ਜੰਤ ਹੋਰ ਸਾਰੇ ਜਗਤ ਮੰਡਲ ਨਾਸਵੰਤ ਹਨ।।੩।।

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ, (ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ। ਮੈਨੂੰ ਮਾਇਆ - ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।੪।।੩।।

(ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿੱਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ।।੪।।੩।।

ਸਿਰੀਰਾਗੁ ਮਹਲਾ ੧।।

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ।।

ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ)।

ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ।।

ਪਰਾਈ ਨਿੰਦਿਆ ਮੇਰੇ ਮੂੰਹ ਦੇ ਵਿੱਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ),

ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ।।੧।।

ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ।।੧।।

ਬਾਬਾ ਬੋਲੀਐ ਪਤਿ ਹੋਇ।।

ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ) ਇੱਜ਼ਤ ਮਿਲੇ।

ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ।।੧।। ਰਹਾਉ।।

ਉਹੀ ਮਨੁੱਖ (ਅਸਲ ਵਿੱਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਆਖੇ ਜਾਂਦੇ ਹਨ, ਮੰਦ - ਕਰਮੀ ਬੰਦੇ ਬੈਠੇ ਝੁਰਦੇ ਹੀ ਹਨ।।੧।। ਰਹਾਉ।।

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ।।

ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ,

ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ।।

ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ ਖਾਣ ਦਾ ਚਸਕਾ,

ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ।।੨।।

ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿੱਚ ਹੋ ਸਕਦਾ ਹੈ?।।੨।।

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ।।

ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿੱਚ) ਆਦਰ ਮਿਲਦਾ ਹੈ।

ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।।

ਹੇ ਮੂਰਖ ਅਣਜਾਣ ਮਨ! ਸੁਣ, ਫਿੱਕਾ (ਨਾਮ ਰਸ ਤੋ ਸੱਖਣਾ) ਬੋਲ ਬੋਲਿਆਂ ਖੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ)। ਪ੍ਰਭੂ ਭੀ ਸਿਫਤ ਸਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ।

ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ।।੩।।

ਜੋ ਮਨੁੱਖ (ਪ੍ਰਭੂ ਦੀ ਸਿਫਤ ਸਲਾਹ ਕਰਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ।।੩।।

ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ।।

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ।

ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ।।

ਐਸੇ ਭਲੇ ਮਨੁੱਖਾਂ ਦੀ ਸਿਫਤ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ?

ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ।।੪।।੪।।

ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿੱਚ ਨਹੀਂ ਜੁੜਦੇ, ਉਸਦੇ ਦਿੱਤੇ ਧਨ ਪਦਾਰਥ ਵਿੱਚ ਮਸਤ ਰਹਿੰਦੇ ਹਨ।।੪।।੪।।

ਸਿਰੀਰਾਗੁ ਮਹਲਾ ੧।।

ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ।।

ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ - ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ।

ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ।।

(ਇਸ ਮੋਹ - ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿੱਚ ਰੰਗ ਰਲੀਆਂ ਮਾਣ ਰਹੀ ਹੈ।

ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ।।੧।।

ਜਿਨ੍ਹਾਂ ਨੇ ਮੋਹ - ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ।।੧।।

ਨਾਨਕ ਸਾਚੇ ਕਉ ਸਚੁ ਜਾਣੁ।।

ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ,

ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ।।੧।। ਰਹਾਉ।।

ਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿੱਚ ਆਦਰ ਮਿਲ ਸਕੇ।।੧।। ਰਹਾਉ।।

ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ।।

 ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾਂ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿੱਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵੱਲੋਂ ਬੇਪਰਵਾਹ ਕਰ ਦੇਂਦਾ ਹੈ)। 














No comments

Powered by Blogger.