8

Sri guru granth sahib ji with meaning in punjabi - ang 16

Sri guru granth sahib ji with meaning in punjabi ang 16

Sri guru granth sahib ji with meaning in punjabi


ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ।।

ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ।

ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ।।੨।।

ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿੱਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ)।।੨।।

ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ।।

ਪ੍ਰਭੂ ਦਾ ਨਾਮ ਤੇ ਸਿਫਤ ਸਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫਤ ਸਲਾਹ ਦੀ ਬਰਕਤਿ) ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉੱਤੇ ਲਾਣ ਲਈ ਸੁਗੰਧੀ ਹੈ।

ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ।।

ਪਰਮਾਤਮਾ ਦਾ ਨਾਮ ਤੇ ਸਿਫਤ ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫਤ ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।

ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ।।੩।।

ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ।।੩।।

ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ।।

ਜਿਸ ਪ੍ਰਭੂ ਦੀ ਬਖਸ਼ੀ ਹੋਈ ਇਹ ਜਿੰਦ ਜਾਨ ਹੈ, ਉਸਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।

ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ।।

ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ।

ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ।।੪।।੫।।

(ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿੱਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ।।੪।।੫।।

ਸਿਰੀਰਾਗੁ ਮਹਲਾ ੧।।

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ।।

(ਮਾਇਆ ਦਾ) ਮੋਹ ਸਾੜ ਕੇ (ਉਸਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗਜ਼ ਬਣਾ।

ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ।।

ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿੱਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।

ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ।।੧।।

ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫਤ ਸਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ।।੧।।

ਬਾਬਾ ਏਹੁ ਲੇਖਾ ਲਿਖਿ ਜਾਣੁ।।

ਹੇ ਭਾਈ! ਇਹ ਲੇਖਾ ਲਿਖਣ ਦੀ ਜਾਂਚ ਸਿੱਖ।

ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ।।੧।। ਰਹਾਉ।।

ਜਿਸ ਥਾਂ (ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ।।੧।।ਰਹਾਉ।।

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ।।

ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।

ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ।।

ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ (ਪ੍ਰਭੂ ਦਾ ਸਦਾ ਥਿਰ ਨਾਮ ਵਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉੱਤੇ ਟਿੱਕੇ ਲੱਗਦੇ ਹਨ,

ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ।।੨।।

ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫਜ਼ੂਲ ਗੱਲਾਂ ਨਾਲ ਨਹੀਂ ਮਿਲਦਾ।।੨।।

ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ।।

(ਸੰਸਾਰ ਵਿੱਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ ਸਫਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।

ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ।।

ਕਈ (ਜਗਤ ਵਿੱਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।

ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ।।੩।।

(ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ ਸਫਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ)।।੩।।

ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ।।

(ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖਲਾ ਬਹੁਤ ਵਿਆਪਦਾ ਹੈ (ਇਸ ਤੌਖਲੇ ਵਿੱਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ,

ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ।।

(ਤੇਰੀ ਯਾਦ ਤੋਂ ਬਿਨਾਂ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖਾਨ ਸੁਲਤਾਨ ਕਰਕੇ ਵੱਜਦੇ ਹਨ ਸਭ (ਇੱਥੇ ਹੀ) ਮਿੱਟੀ ਵਿੱਚ ਮਿਲ ਜਾਂਦੇ ਹਨ।

ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ।।੪।।੬।।

ਹੇ ਨਾਨਕ! ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ ਪਿਆਰ ਮੁੱਕ ਜਾਂਦੇ ਹਨ।।੪।।੬।।

ਸਿਰੀਰਾਗੁ ਮਹਲਾ ੧।।

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ।।

ਜੇ ਮਨ ਪ੍ਰਭੂ ਦੀ ਯਾਦ ਵਿੱਚ ਪਰਚ ਜਾਏ, ਤਾਂ ਇਸ ਨੂੰ (ਦੁਨੀਆਂ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।

ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ।।

ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫਤ ਸਲਾਹ ਦਾ ਕੀਰਤਨ ਮਸਾਲੇ ਜਾਣੋ।

ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ।।੧।।

ਪਰਮਾਤਮਾ ਨਾਲ ਇੱਕ ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਕਿਸੇ ਉਸੇ ਨੂੰ ਮਿਲਦੀ ਹੈ) ਜਿਸ ਉੱਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ।।੧।।

ਬਾਬਾ ਹੋਰੁ ਖਾਣਾ ਖੁਸੀ ਖੁਆਰੁ।।

ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ,

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।੧।। ਰਹਾਉ।।

ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿੱਚ (ਭੀ ਕਈ) ਮੰਦੇ ਖਿਆਲ ਤੁਰ ਪੈਂਦੇ ਹਨ।।੧।।ਰਹਾਉ।।

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ।।

ਪ੍ਰਭੂ ਪ੍ਰੀਤ ਵਿੱਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।

ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ।।

ਆਪਣੇ ਮਨ ਵਿੱਚੋਂ ਕਾਲਖ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ ਚਰਨਾਂ ਦਾ ਧਿਆਨ ਚੋਗਾ ਹੈ।

ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ।।੨।।

ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ।।੨।।

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ।।

ਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖੁਆਰ ਕਰਦਾ ਹੈ,

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।੧।। ਰਹਾਉ।।

ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿੱਚ ਭੀ ਭੈੜੇ ਖਿਆਲ ਤੁਰ ਪੈਣ।।੧।। ਰਹਾਉ।।

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ।।

ਹੇ ਪ੍ਰਭੂ! ਤੇਰੇ ਚਰਨਾਂ ਵਿੱਚ ਜੁੜਨ ਦਾ ਜੀਵਨ ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।

ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ।।

ਤੇਰੀ ਸਿਫਤ ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।

ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ।।੩।।

(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ।।੩।।

ਬਾਬਾ ਹੋਰੁ ਚੜਣਾ ਖੁਸੀ ਖੁਆਰੁ।।

ਹੇ ਭਾਈ! ਉਹ ਘੋੜ ਸਵਾਰੀ ਤੇ ਉਸ ਦਾ ਚਾਉ ਖੁਆਰ ਕਰਦਾ ਹੈ,

ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।੧।। ਰਹਾਉ।।

ਜਿਸ ਘੋੜ ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿੱਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ।।੧।। ਰਹਾਉ।।

ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ।।

(ਦੂਜਿਆਂ ਮਹਲ ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖੁਸ਼ੀ ਮੈਨੂੰ ਆਪਣਾ ਪਰਿਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿੱਚੋ ਮਿਲੇਗੀ)।








No comments

Powered by Blogger.