8

shri guru granth sahib ji in punjabi - ang 17

shri guru granth sahib ji in punjabi ang 17

shri guru granth sahib ji in Punjabi

ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ।।

ਪਾਸੋਂ ਆਪਣਾ ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿੱਚ ਖੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ।

ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ।।੪।।

ਹੇ ਨਾਨਕ! ਸਦਾ ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪ੍ਰਵਾਨ ਹੈ)।।੪।।

ਬਾਬਾ ਹੋਰੁ ਸਉਣਾ ਖੁਸੀ ਖੁਆਰੁ ।।

ਇਹ ਭਾਈ! (ਪ੍ਰਭੂ ਦੀ ਸਿਫਤ ਸਾਲਾਹ ਦੀ ਖੁਸ਼ੀ ਛੱਡ ਕੇ) ਹੋਰ ਐਸ਼ ਇਸ਼ਰਤ ਦੀ ਖੁਸ਼ੀ ਖੁਆਰ ਕਰਦੀ ਹੈ,

ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।੧।। ਰਹਾਉ ।।੪।।੭।।

ਕਿਉਂਕਿ ਹੋਰ ਹੋਰ ਐਸ਼ ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿੱਚ ਭੀ ਵਿਕਾਰ ਚੱਲ ਪੈਂਦੇ ਹਨ।।੧।।ਰਹਾਉ।।੪।।੭।।

ਸਿਰੀਰਾਗੁ ਮਹਲਾ ੧।।

ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ।।

ਜਿਸ ਮਨੁੱਖ ਦਾ ਸਰੀਰ ਕੀਸਰ (ਵਰਗਾ ਸ਼ੁੱਧ ਵਿਕਾਰ ਰਹਿਤ) ਹੋਵੇ, ਉਸ ਦੀ ਜੀਭ (ਪ੍ਰਭੂ ਦੀ ਸਿਫਤ ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸਦੇ ਸਰੀਰ ਵਿੱਚ ਹਰੇਕ ਸੁਆਸ ਉਸਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ),

ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ।।

ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿੱਤਰ ਹੋ ਚੁੱਕਾ ਹੋਵੇ) ਉਸ ਮਨੁੱਖ ਦੇ ਅੰਦਰ ਮੱਤ ਖਿੜਦੀ ਹੈ।

ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ।।੧।।

ਉਸ ਖਿੜੀ ਹੋਈ ਮੱਤ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।

ਬਾਬਾ ਹੋਰ ਮਤਿ ਹੋਰ ਹੋਰ।।

ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮੱਤ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ।

ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ।।੧।। ਰਹਾਉ।।

ਸਿਫਤ ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਵਾਲਾ ਕੂੜ ਦਾ ਹੀ ਜ਼ੋਰ ਵਧਦਾ ਹੈ।।੧।।

ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ।।

ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ,

ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ।।

ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ,

ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ।।੨।।

(ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ, ਕਿਉਂਕਿ) ਜੇ ਪ੍ਰਭੂ ਦੀ ਹਜ਼ੂਰੀ ਵਿੱਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸਨੂੰ ਇੱਜ਼ਤ ਨਹੀਂ ਮਿਲਦੀ, ਤਾਂ (ਦੁਨੀਆ ਵਿੱਚ ਹੋਈ) ਸਾਰੀ ਪੂਜਾ ਖੁਆਰ ਹੀ ਕਰਦੀ ਹੈ।।੨।।

ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ।।

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ।

ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ।।

(ਕਿਉਂਕਿ) ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਖਜ਼ਾਨਾ ਵੱਸਦਾ ਹੈ, ਉਹਨਾਂ ਦੇ ਅੰਦਰ ਨਾਮ ਹੀ ਉੱਘੜਦਾ ਹੈ।

ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ।।੩।।

(ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇੱਕ ਰਸ ਸਦਾ ਥਿਰ ਰਹਿਣ ਵਾਲਾ ਹੈ।।੩।।

ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ।।

(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿੱਚ ਰਲਿਆ, ਤਾਂ (ਨਾਮਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ।

ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ।।

(ਦੁਨੀਆਂ ਵਿੱਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।

ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ।।੪।।੮।।

ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ।।੪।।੮।।

ਸਿਰੀਰਾਗੁ ਮਹਲਾ ੧।।

ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ।।

ਜਿਸ ਜੀਵ ਇਸਤ੍ਰੀ ਨੇ ਆਪਣੇ ਹਿਰਦੇ ਵਿੱਚ ਪ੍ਰਭੂ ਦੀ ਸਿਫਤ ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ।

ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ।।

ਹੇ ਜੀਵ ਇਸਤ੍ਰੀ! ਜੇ ਤੂੰ ਖਸਮ ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿੱਚ ਫਸੇ ਰਿਹਾ ਪਤੀ ਪ੍ਰਭੂ ਨੂੰ ਨਹੀਂ ਮਿਲ ਸਕਦੀ।

ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ।।੧।।

(ਤੂੰ ਤਾਂ ਮੋਹ ਦੇ ਸਮੁੰਦਰ ਵਿੱਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾ ਤੁਲਹਾ ਹੈ, ਇਸ ਤਰ੍ਹਾਂ ਪਤੀ ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ ਸਮੁੰਦਰ ਤੋਂ ਪਾਰ ਹੈ,) ਦੂਰ ਹੈ।।੧।।

ਮੇਰੇ ਠਾਕੁਰ ਪੂਰੈ ਤਖਤਿ ਅਡੋਲੁ।।

ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿੱਚ ਕੋਈ ਉਕਾਈ ਨਹੀਂ ਹੈ)।

ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ।।੧।। ਰਹਾਉ।।

ਉਹ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ।।੧।। ਰਹਾਉ।।

ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ।। ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ।।

ਹਰੀ ਪਰਮਾਤਮਾ (ਮਾਨੋ) ਇੱਕ ਸੋਹਣਾ ਮੰਦਰ ਹੈ, ਜਿਸ ਵਿੱਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ। (ਜਿਸਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ।

ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ।।੨।।

ਪਰ ਉਸ (ਮੰਦਰ-) ਕਿਲ੍ਹੇ ਉੱਤੇ ਪਉੜੀ ਤੋਂ ਬਿਨਾਂ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ।।੨।।

ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ।।

ਉਸ (ਹਰਿ - ਮੰਦਰ - ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।

ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ।।

ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ।

ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ।।੩।।

ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮੱਤ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤ ਸਰੋਵਰ ਵਿੱਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ।।੩।। 

ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ।।

ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿੱਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿੱਚ ਕੋਈ ਘਾਟ ਨਹੀਂ ਹੈ।

ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ।।

ਉਹ ਪੂਰਾ ਪ੍ਰਭੂ ਸੋਹਣੇ ਉਕਾਈ ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।

ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ।।੪।।੯।।

ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿੱਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ।।੪।।੯।।

ਸਿਰੀਰਾਗੁ ਮਹਲਾ ੧।।

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ।।

ਹੇ ਸਤਸੰਗਣ ਭੈਣੋ ਤੇ ਸਹੇਲੀਹੋ! ਆਓ, ਪਿਆਰ ਨਾਲ (ਸਤ-ਸੰਗ ਵਿੱਚ) ਇਕੱਠੀਆਂ ਹੋਵੀਏ।

ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ।।

ਸਤਸੰਗ ਵਿੱਚ ਮਿਲ ਕੇ ਉਸ ਖਸਮ ਪ੍ਰਭੂ ਦੀਆਂ ਗੱਲਾਂ ਕਰੀਏ ਜੋ ਸਾਰੀਆਂ ਤਾਕਤਾਂ ਵਾਲਾ ਹੈ।

ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ।।੧।।

(ਹੇ ਸਹੇਲੀਹੋ!) ਉਸ ਸਦਾ ਥਿਰ ਮਾਲਕ ਵਿੱਚ ਸਾਰੇ ਗੁਣ ਹੀ ਗੁਣ ਹਨ (ਉਸ ਤੋਂ ਵਿੱਛੁੜ ਕੇ ਹੀ) ਸਾਰੇ ਔਗੁਣ ਸਾਡੇ ਵਿੱਚ ਆ ਜਾਂਦੇ ਹਨ।।੧।।

ਕਰਤਾ ਸਭੁ ਕੋ ਤੇਰੈ ਜੋਰਿ।।

ਹੇ ਕਰਤਾਰ! ਹਰੇਕ ਜੀਵ ਤੇਰੇ ਹੁਕਮ ਵਿੱਚ (ਹੀ ਤੁਰ ਸਕਦਾ ਹੈ)।

ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ।।੧।। ਰਹਾਉ।।

ਜਦੋਂ ਤੇਰੀ ਸਿਫਤ ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ (ਤਾ ਇਹ ਸਮਝ ਪੈਂਦੀ ਹੈ ਕਿ) ਜਦੋਂ ਤੂੰ (ਸਾਡੇ ਸਿਰ ਉੱਤੇ ਰਾਖਾ) ਹੈਂ, ਤਾਂ ਹੋਰ ਕੋਈ ਸਾਡਾ ਕੀਹ ਵਿਗਾੜ ਸਕਦੇ ਹਨ।।੧।। ਰਹਾਉ।।

ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਂ।।

(ਹੇ ਸਤਸੰਗਣ ਭੈਣੋ! ਬੇ - ਸ਼ੱਕ) ਜਾ ਕੇ ਸੁਹਾਗਣ (ਜੀਵ ਇਸਤ੍ਰੀਆਂ) ਨੂੰ ਪੁੱਛ ਲਵੋ ਕਿ ਤੁਸਾਂ ਕਿਨ੍ਹਾਂ ਗੁਣਾਂ ਦੀ ਰਾਹੀਂ ਪ੍ਰਭੂ ਮਿਲਾਪ ਹਾਸਲ ਕੀਤਾ ਹੈ?

ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ।।

ਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ)।

ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ।।੨।।


ਉਹ ਆਨੰਦ - ਦਾਤਾ ਪ੍ਰਭੂ - ਪਤੀ ਤਦੋਂ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਜਾਏ (ਤੇ ਸੰਤੋਖ ਮਿੱਠ-ਬੋਲਾ-ਪਨ ਆਦਿਕ ਗੁਣ ਧਾਰੇ ਜਾਣ)।।੨।।





No comments

Powered by Blogger.