Sri guru granth sahib ji with meaning in punjabi - ang 8
Sri guru granth sahib ji with meaning in punjabi ang 8
ਸਰਮ ਖੰਡ ਕੀ ਬਾਣੀ ਰੂਪੁ।।
ਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿੱਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)।
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ।।
ਇਸ ਅਵਸਥਾ ਵਿੱਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।
ਤਾ ਕੀਆ ਗਲਾ ਕਥੀਆ ਨਾ ਜਾਹਿ।।
ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
ਜੇ ਕੋ ਕਹੈ ਪਿਛੈ ਪਛੁਤਾਇ।।
ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰੱਥ ਰਹਿੰਦਾ ਹੈ)।
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ।।
ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮੱਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿੱਚ ਜਾਗਰਤ ਪੈਦਾ ਹੋ ਜਾਂਦੀ ਹੈ।
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ।।੩੬।।
ਸਰਮ ਖੰਡ ਵਿੱਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ।
ਕਰਮ ਖੰਡ ਕੀ ਬਾਣੀ ਜੋਰੁ।।
ਬਖਸ਼ਿਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ ਵਿਕਾਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ),
ਤਿਥੈ ਹੋਰੁ ਨ ਕੋਈ ਹੋਰੁ।।
ਕਿਉਂਕਿ ਉਸ ਅਵਸਥਾ ਵਿੱਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾਂ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ।
ਤਿਥੈ ਜੋਧ ਮਹਾਬਲ ਸੂਰ।।
ਉਸ ਅਵਸਥਾ ਵਿੱਚ (ਜੋ ਮਨੁੱਖ ਹਨ ਉਹ) ਜੋਧੇ, ਮਹਾਬਲੀ ਤੇ ਸੂਰਮੇ ਹਨ।
ਤਿਨ ਮਹਿ ਰਾਮੁ ਰਹਿਆ ਭਰਪੂਰ।।
ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵਸ ਰਿਹਾ ਹੈ।
ਤਿਥੈ ਸੀਤੋ ਸੀਤਾ ਮਹਿਮਾ ਮਾਹਿ।।
ਉਸ (ਬਖਸ਼ਿਸ਼) ਵਾਲੀ ਅਵਸਥਾ ਵਿੱਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿੱਚ ਪਰੋਤਾ ਰਹਿੰਦਾ ਹੈ।
ਤਾ ਕੇ ਰੂਪ ਨ ਕਥਨੇ ਜਾਹਿ।।
(ਉਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੀ ਜਾ ਸਕਦੇ ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ।
ਨਾ ਓਹਿ ਮਰਹਿ ਨ ਠਾਗੇ ਜਾਹਿ।।
(ਇਸ ਅਵਸਥਾ ਵਿੱਚ) ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ,
ਜਿਨ ਕੈ ਰਾਮੁ ਵਸੈ ਮਨ ਮਾਹਿ।।
ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ।
ਤਿਥੈ ਭਗਤ ਵਸਹਿ ਕੇ ਲੋਅ।।
ਉਸ ਅਵਸਥਾ ਵਿੱਚ ਕਈ ਭਵਣਾਂ ਦੇ ਭਗਤ ਜਨ ਵਸਦੇ ਹਨ।
ਕਰਹਿ ਅਨੰਦੁ ਸਚਾ ਮਨਿ ਸੋਇ।।
ਜੋ ਸਦਾ ਖਿੜੇ ਰਹਿੰਦੇ ਹਨ (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ (ਮੌਜੂਦ) ਹੈ।
ਸਚ ਖੰਡਿ ਵਸੈ ਨਿਰੰਕਾਰੁ।।
ਸੱਚਖੰਡ ਵਿੱਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵਸਦਾ ਹੈ।
ਕਰਿ ਕਰਿ ਵੇਖੈ ਨਦਰਿ ਨਿਹਾਲ।।
ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਉਸ ਦੀ ਸੰਭਾਲ ਕਰਦਾ ਹੈ।
ਤਿਥੈ ਖੰਡ ਮੰਡਲ ਵਰਭੰਡ।।
ਉਸ ਅਵਸਥਾ ਵਿੱਚ (ਭਾਵ, ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿਸਦੇ ਹਨ, ਇਤਨੇ ਬੇਅੰਤ ਕਿ)
ਜੇ ਕੋ ਕਥੈ ਤ ਅੰਤ ਨ ਅੰਤ।।
ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ।
ਤਿਥੈ ਲੋਅ ਲੋਅ ਆਕਾਰ।।
ਉਸ ਅਵਸਥਾ ਵਿੱਚ ਬੇਅੰਤ ਭਵਣ ਤੇ ਆਕਾਰ ਦਿਸਦੇ ਹਨ, (ਜਿਨ੍ਹਾਂ ਸਭਨਾਂ ਵਿੱਚ)
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ।।
ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿੱਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿਸਦੀ ਹੈ)।
ਵੇਖੈ ਵਿਗਸੈ ਕਰਿ ਵੀਚਾਰੁ।।
(ਉਸ ਨੂੰ ਪ੍ਰਤੱਖ ਦਿਸਦਾ ਹੈ ਕਿ) ਅਕਾਲ ਪੁਰਖ ਵਿਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।
ਨਾਨਕ ਕਥਨਾ ਕਰੜਾ ਸਾਰੁ।।੩੭।।
ਹੇ ਨਾਨਕ ! ਇਹ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ)।।੩੭।।
ਜਤੁ ਪਾਹਾਰਾ ਧੀਰਜੁ ਸੁਨਿਆਰੁ।।
(ਜੇ) ਜਤ ਰੂਪ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ,
ਅਹਰਣਿ ਮਤਿ ਵੇਦੁ ਹਥੀਆਰੁ।।
ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ ਅਹਿਰਣ ਉੱਤੇ ਗਿਆਨ ਹਥੌੜਾ (ਵੱਜੇ)।
ਭਉ ਖਲਾ ਅਗਨਿ ਤਪ ਤਾਉ।।
(ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ ਕਮਾਈ ਅੱਗ (ਹੋਵੇ),
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ।।
ਪ੍ਰੇਮ ਕੁਠਾਲੀ ਹੋਵੇ ਤਾਂ ਉਸ (ਕੁਠਾਲੀ) ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗੁਲਾਵੋ।
ਘੜੀਐ ਸਬਦੁ ਸਚੀ ਟਕਸਾਲ।।
(ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿੱਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ।
ਜਿਨ ਕਉ ਨਦਰਿ ਕਰਮੁ ਤਿਨ ਕਾਰ।।
ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ।
ਨਾਨਕ ਨਦਰੀ ਨਦਰਿ ਨਿਹਾਲ।।੩੮।।
ਜਿੰਨਾ ਉੱਤੇ ਬਖਸ਼ਿਸ਼ ਹੁੰਦੀ ਹੈ, ਹੇ ਨਾਨਕ ! ਉਹ ਮਨੁੱਖ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ।।੩੮।।
ਸਲੋਕੁ।।
ਸਲੋਕੁ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ ।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ।।
ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਅਤੇ ਦਿਨੇ ਕਾਰ ਵਿਹਾਰ ਵਿੱਚ ਪਰਚੇ ਪਏ ਹਨ)।
ਚੰਗਿਆਈਆਂ ਬੁਰਿਆਈਆਂ ਵਾਚੈ ਧਰਮੁ ਹਦੂਰਿ।।
ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।
ਆਪੋ ਆਪਣੇ (ਇਨ੍ਹਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ।
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।।
ਹੇ ਨਾਨਕ ! ਜਿੰਨਾ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ।
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।।੧।।
(ਅਕਾਲ ਪੁਰਖ ਦੇ ਦਰ ਤੇ) ਉਹ ਉੱਜਲ ਮੁੱਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤ ਵਿੱਚ (ਰਹਿ ਕੇ) ("ਕੂੜ ਦੀ ਪਾਲਿ" ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ।।੧।।
ਸੋ ਦਰੁ ਰਾਗੁ ਆਸਾ ਮਹਲਾ ੧
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਸੋ-ਦਰ'।
ੴਸਤਿਗੁਰ ਪ੍ਰਸਾਦਿ।।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ।।
(ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ।।
(ਤੇਰੀ ਇਸ ਰਚੀ ਹੋਈ ਕੁਦਰਤ ਵਿੱਚ) ਅਨੇਕਾਂ ਤੇ ਅਨਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ।।
ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ ਰਾਗਣੀਆਂ ਦੀ ਰਾਹੀ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫਤ ਦੇ ਗੀਤ ਗਾ ਰਹੇ ਹਨ)।
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ।।
(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿੱਚ ਤੁਰ ਰਹੇ ਹਨ)। ਧਰਮਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫਤ ਸਲਾਹ ਦੀ ਗੀਤ) ਗਾ ਰਿਹਾ ਹੈ।
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ।।
ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮਰਾਜ ਵਿਚਾਰਦਾ ਹੈ ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ।
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ।।
(ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ)।
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ।।
ਕਈ ਇੰਦਰ ਦੇਵਤੇ ਆਪਣੇ ਤਖਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ)।
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ।।
(ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰਕੇ ਤੈਨੂੰ ਸਲਾਹ ਰਹੇ ਹਨ।

Post a Comment