8

sri guru granth sahib ji in punjabi - ang 6

sri guru granth sahib ji in Punjabi ang 6

sri guru granth sahib ji in punjabi


ਆਖਹਿ ਗੋਪੀ ਤੈ ਗੋਵਿੰਦ।।

ਗੋਪੀਆਂ ਅਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ।

ਆਖਹਿ ਈਸਰ ਆਖਹਿ ਸਿਧ।।

ਕਈ ਸ਼ਿਵ ਤੇ ਸਿੱਧ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।

ਆਖਹਿ ਕੇਤੇ ਕੀਤੇ ਬੁਧ।।

ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ ਉਸਦੀ ਵਡਿਆਈ ਆਖਦੇ ਹਨ।

ਆਖਹਿ ਦਾਨਵ ਆਖਹਿ ਦੇਵ।।

ਰਾਕਸ਼ ਤੇ ਦੇਵਤੇ (ਵੀ) ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।

ਆਖਹਿ ਸੁਰਿ ਨਰ ਮੁਨਿ ਜਨ ਸੇਵ।।

ਦੇਵਤਾ ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।

ਕੇਤੇ ਆਖਹਿ ਆਖਣਿ ਪਾਹਿ।।

ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ ਅਤੇ ਬੇਅੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ।

ਕੇਤੇ ਕਹਿ ਕਹਿ ਉਠਿ ਉਠਿ ਜਾਹਿ।।

ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ।

ਏਤੇ ਕੀਤੇ ਹੋਰਿ ਕਰੇਹਿ।।

ਜਗਤ ਵਿੱਚ ਇਤਨੇ (ਬੇਅੰਤ) ਜੀਵ ਪੈਦਾ ਕੀਤੇ ਹੋਏ ਹਨ (ਜੋ ਬਿਆਨ ਕਰ ਰਹੇ ਹਨ), (ਪਰ ਹੇ ਹਰੀ!)  ਜੇ ਤੂੰ ਹੋਰ ਵੀ (ਬੇਅੰਤ ਜੀਵ) ਪੈਦਾ ਕਰ ਦੇਵੇਂ।

ਤਾ ਆਖਿ ਨ ਸਕਹਿ ਕੇਈ ਕੇਇ।।

ਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ।

ਜੇਵਡੁ ਭਾਵੈ ਤੇਵਡੁ ਹੋਇ।।

ਹੇ ਨਾਨਕ! ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ (ਆਪਣੀ ਕੁਦਰਤ ਵਧਾ ਲੈਂਦਾ ਹੈ)।

ਨਾਨਕ ਜਾਣੈ ਸਾਚਾ ਸੋਇ।।

ਉਹ ਸਦਾ ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ।

ਜੇ ਕੋ ਆਖੈ ਬੋਲੁਵਿਗਾੜੁ।।

ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ (ਕਿ ਅਕਾਲ ਪੁਰਖ ਕਿਤਨਾ ਵੱਡਾ ਹੈ)।

ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ।।੨੬।।

ਤਾ ਉਹ ਮਨੁੱਖ ਮੂਰਖਾਂ- ਸਿਰ -ਮੂਰਖ ਗਿਣਿਆ ਜਾਂਦਾ ਹੈ।।੨੬।।

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ।।

ਉਹ ਦਰ ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।

ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ।।

(ਤੇਰੀ ਇਸ ਰਚੀ ਹੋਈ ਕੁਦਰਤ ਵਿੱਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।

ਕੇਤੇ ਰਾਗ ਪਰੀ ਸਿਉ ਕਹੀਅਹਿ ਕੇਤੇ ਗਾਵਣਹਾਰੇ।।

ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)!

ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ।।

(ਹੇ ਨਿਰੰਕਾਰ!) ਪਉਣ,ਪਾਣੀ, ਅਗਨੀ, ਤੇਰੇ ਗੁਣ ਗਾ ਰਹੇ ਹਨ। ਧਰਮ ਰਾਜ ਤੇਰੇ ਦਰ ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।

ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ।।

ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨਾਂ ਦੇ ਲਿਖੇ ਹੋਏ ਨੂੰ ਧਰਮ ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।

ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ।।

(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ।

ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ।।

ਕਈ ਇੰਦਰ ਆਪਣੇ ਤਖਤ ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਤੇ ਤੈਨੂੰ ਸਲਾਹ ਰਹੇ ਹਨ।

ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ।।

ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ।

ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ।।

ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।

ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ।।

(ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜਦੇ ਹਨ, ਵੇਦਾਂ ਸਣੇ ਤੈਨੂੰ ਗਾ ਰਹੇ ਹਨ।

ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ।।

ਸੁੰਦਰ ਇਸਤਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿੱਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।

ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ।।

(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।

ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ।।

ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।

ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ।।

ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਹਨ, ਤੈਨੂੰ ਗਾਉਂਦੇ ਹਨ।

ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ।।

(ਹੇ ਅਕਾਲ ਪੁਰਖ!) (ਅਸਲ ਵਿੱਚ ਤਾਂ) ਉਹੋ ਤੇਰੇ ਪ੍ਰੇਮ ਵਿੱਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ ਭਾਵ,  ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।

ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ।।

ਅਨੇਕਾਂ ਹੋਰ ਜੀਵ ਤੈਨੂੰ ਜਾ ਰਹੇ ਹਨ, ਜਿਹੜੇ ਮੈਥੋਂ ਗਿਣੇ ਵੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀ ਵਿਚਾਰ ਕਰ ਸਕਦਾ ਹੈ?

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ।।

ਉਹ ਅਕਾਲ ਪੁਰਖ ਸਦਾ ਥਿਰ ਹੈ। ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਵੀ ਸਦਾ ਅਟੱਲ ਹੈ।

ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ।।

ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਮੌਜੂਦ ਹੈ, ਸਦਾ ਰਹੇਗਾ। ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ।।

ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਤੇ ਜਿਨਸਾਂ ਦੀ ਮਾਇਆ ਰੱਚ ਦਿੱਤੀ ਹੈ।

ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।।

ਉਹ ਜਿਵੇਂ ਉਸ ਦੀ ਰਜ਼ਾ ਹੈ (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ।।

ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ -'ਇਉ ਨ ਕਰੀਂ ਇਉਂ ਕਰ')।

ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ।।੨੭।।

ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਵੀ ਪਾਤਿਸ਼ਾਹ ਹੈ । ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿੱਚ ਰਹਿਣਾ (ਹੀ ਫਬਦਾ ਹੈ)।।੨੭।।

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ।।

(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ)।

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ।।

ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ।।

ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿੱਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)।

ਆਦੇਸੁ ਤਿਸੈ ਆਦੇਸੁ।।

(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ।

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।।੨੮।।

ਜੋ (ਸਭ ਦਾ) ਮੁੱਢ ਹੈ, ਜੋ ਸੁਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) ਜੋ ਨਾਸ ਸਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ।।੨੮।।

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ।।

(ਹੇ ਜੋਗੀ! ਜੀ) ਅਕਾਲ ਪੁਰਖ ਦੀ ਸਰਬ ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ ਰੂਪ) ਭੰਡਾਰੇ ਦੀ ਵਰਤਾਵੀ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ।

ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ।।

ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿੱਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ । ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿਧੀਆਂ ਵਿਅਰਥ ਹਨ, ਇਹ ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸਵਾਦ ਹਨ।

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ।।

ਅਕਾਲ ਪੁਰਖ ਦੀ "ਸੰਯੋਗ" ਸੱਤਾ ਤੇ "ਵਿਜੋਗ" ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ । ਰਜ਼ਾ ਵਿੱਚ ਫਿਰ ਵਿਛੜ ਵਿਛੜ ਕੇ ਆਪੋ ਆਪਣੀ ਵਾਰੀ ਇਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ ਬ ਦਰਜਾ ਸੁੱਖ ਦੁੱਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)

No comments

Powered by Blogger.