8

shri guru granth sahib ji in punjabi - ang 9

shri guru granth sahib ji in punjabi ang 9

shri guru granth sahib ji in punjabi

ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ।।

ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।

ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ।।

(ਹੇ ਪ੍ਰਭੂ!) ਪੰਡਿਤ ਤੇ ਮਹਾਰਿਖੀ ਜੋ (ਵੇਦਾਂ ਨੂੰ ਪੜਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਗਾ ਰਹੇ ਹਨ।

ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ।।

ਸੁੰਦਰ ਇਸਤਰੀਆਂ ਜੋ (ਆਪਣੀ ਸੁੰਦਰਤਾ ਨਾਲ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ। (ਭਾਵ, ਤੇਰੀ ਸੁੰਦਰਤਾ ਦਾ ਪ੍ਰਕਾਸ਼ ਕਰ ਰਹੀਆਂ ਹਨ) ਸੁਰਗ ਲੋਕ, ਮਾਤ ਲੋਕ, ਅਤੇ ਪਤਾਲ ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।

ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ।।

ਹੇ ਪ੍ਰਭੂ ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।

ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ।।

ਵੱਡੇ ਬਲ ਵਾਲੇ ਜੋਧੇ ਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫਤ ਕਰ ਰਹੇ ਹਨ । ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ।।

ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।

ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ।।

(ਹੇ ਪ੍ਰਭੂ!) ਅਸਲ ਵਿੱਚ ਉਹੀ ਬੰਦੇ ਤੇਰੀ ਸਿਫਤ ਸਲਾਹ ਕਰਦੇ ਹਨ (ਭਾਵ, ਉਨਾਂ ਦੀ ਕੀਤੀ ਸਿਫਤ ਸਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਹਨ ਅਤੇ ਤੇਰੇ ਰਸੀਲੇ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ।

ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ।।

ਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ ਜੋਗਾ ਨਹੀਂ ਹੈ)।

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ।।

ਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਵੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ।

ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ।।

ਉਹ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ।।

ਜਿਸ ਪ੍ਰਭੂ ਨੇ ਕਈ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।

ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ।।

ਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ।।

 ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਦਿਖਾ ਸਕਦਾ (ਕੋਈ ਜੀਵ ਉਸਨੂੰ ਇਹ ਨਹੀਂ ਆਖ ਸਕਦਾ 'ਇਉਂ ਨਹੀਂ, ਇਉਂ ਕਰ')।

ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ।।੧।।

 ਉਹ ਪ੍ਰਭੂ (ਸਾਰੇ ਜਗਤ ਦਾ) ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿੱਚ ਰਹਿਣਾ ਹੀ ਫਬਦਾ ਹੈ।।੧।।

ਆਸਾ ਮਹਲਾ ੧।।

ਸੁਣਿ ਵਡਾ ਆਖੈ ਸਭੁ ਕੋਇ।।

ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ) ਸੁਣ ਕੇ (ਹੀ) ਆਖ ਦਿੰਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।

ਕੇਵਡੁ ਵਡਾ ਡੀਠਾ ਹੋਇ।।

ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ?) ਕੇਵਲ ਤੇਰੇ ਦਰਸ਼ਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ।

ਕੀਮਤਿ ਪਾਇ ਨ ਕਹਿਆ ਜਾਇ।।

ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।

ਕਹਣੈ ਵਾਲੇ ਤੇਰੇ ਰਹੇ ਸਮਾਇ।।੧।।

ਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿੱਚ (ਹੀ) ਲੀਨ ਹੋ ਜਾਂਦੇ ਹਨ।।੧।।

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ।।

ਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇੱਕ) ਡੂੰਘਾ (ਸਮੁੰਦਰ) ਹੈਂ। ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ।

ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ।।੧।। ਰਹਾਉ।।

ਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ।।੧।।ਰਹਾਉ।।

ਸਭਿ ਸੁਰਤੀ ਮਿਲਿ ਸੁਰਤਿ ਕਮਾਈ।।

(ਕਿ ਤੂੰ ਕਿੱਡਾ ਵੱਡਾ ਹੈਂ, ਇਹ ਗੱਲ ਲੱਭਣ ਵਾਸਤੇ ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਆਦਿ) ਸਭ ਨੇ ਧਿਆਨ ਜੋੜਨ ਦੇ ਜਤਨ ਕੀਤੇ, ਮੁੜ ਮੁੜ ਜਤਨ ਕੀਤੇ।

ਸਭ ਕੀਮਤਿ ਮਿਲਿ ਕੀਮਤਿ ਪਾਈ।।

(ਵਿਚਾਰਵਾਨਾਂ ਆਦਿਕ ਨੇ) ਸਭ ਗੁਣਾਂ ਦਾ ਜੋੜ ਕਰਕੇ ਤੇਰੇ ਗੁਣ ਸਮਝਾਉਣ ਦੀ ਕੋਸ਼ਿਸ਼ ਕੀਤੀ।

ਗਿਆਨੀ ਧਿਆਨੀ ਗੁਰ ਗੁਰਹਾਈ।।

 ਵਿਚਾਰਵਾਨਾਂ ਨੇ, ਬਿਰਤੀ ਜੋੜਨ ਵਾਲਿਆਂ ਨੇ ਤੇ ਪ੍ਰਸਿੱਧ ਗੁਰੂ ਪ੍ਰਚਾਰਕਾਂ ਨੇ ਵੀ (ਕੋਸ਼ਿਸ਼ ਕੀਤੀ)।

ਕਹਣੁ ਨ ਜਾਈ ਤੇਰੀ ਤਿਲ ਵਡਿਆਈ ।।੨।।

ਪਰ ਤੇਰੀ ਵਡਿਆਈ ਦਾ ਇੱਕ ਤਿਲ ਜਿਤਨਾ ਵੀ ਹਿੱਸਾ ਨਹੀਂ ਦੱਸ ਸਕੇ।।੨।।

ਸਭਿ ਸਤ ਸਭਿ ਤਪ ਸਭਿ ਚੰਗਿਆਈਆ।।

(ਵਿਚਾਰਵਾਨ ਕੀਹ ਤੇ ਸਿੱਧ ਜੋਗੀ ਕੀਹ ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਵੀ ਨਹੀਂ ਲਾ ਸਕਿਆ ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ;

ਸਿਧਾ ਪੁਰਖਾ ਕੀਆ ਵਡਿਆਈਆ।।

ਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ;

ਤੁਧੁ ਵਿਣੁ ਸਿਧੀ ਕਿਨੈ ਨ ਪਾਈਆ।।

ਇਹ ਕਾਮਯਾਬੀ ਕਿਸੇ ਨੂੰ ਵੀ ਤੇਰੀ ਸਹਾਇਤਾ ਤੋਂ ਬਿਨਾਂ ਹਾਸਲ ਨਹੀਂ ਹੋਈ।

ਕਰਮਿ ਮਿਲੈ ਨਾਹੀ ਠਾਕਿ ਰਹਾਈਆ।।੩।।

(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਪ੍ਰਾਪਤੀ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਿਆ।।੩।।

ਆਖਣ ਵਾਲਾ ਕਿਆ ਵੇਚਾਰਾ।।

ਜੀਵ ਦੀ ਕੀਹ ਪਾਇਆਂ ਹੈ ਕਿ ਇਹਨਾਂ ਗੁਣਾਂ ਦਾ ਬਿਆਨ ਕਰ ਸਕੇ?

ਸਿਫਤੀ ਭਰੇ ਤੇਰੇ ਭੰਡਾਰਾ।।

(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖਜ਼ਾਨੇ ਭਰੇ ਪਏ ਹਨ।

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ।।

ਜਿਸ ਨੂੰ ਤੂੰ ਸਿਫਤ ਸਲਾਹ ਕਰਨ ਦੀ ਦਾਤ ਬਖਸ਼ਦਾ ਹੈਂ; ਉਸ ਦੇ ਰਾਹ ਵਿੱਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,

ਨਾਨਕ ਸਚੁ ਸਵਾਰਣਹਾਰਾ।।੪।।੨।।

(ਕਿਉਂਕਿ) ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ।।੪।।੨।।

ਆਸਾ ਮਹਲਾ ੧।।

ਆਖਾ ਜੀਵਾ ਵਿਸਰੈ ਮਰਿ ਜਾਉ।।

(ਜਿਉਂ ਜਿਉਂ) ਮੈਂ (ਪਰਮਾਤਮਾ ਦਾ) ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰ ਜਦੋਂ ਮੈਨੂੰ ਪ੍ਰਭੂ ਦਾ ਨਾਮ) ਭੁੱਲ ਜਾਂਦਾ ਹੈ, ਮੇਰੀ ਆਤਮਕ ਮੌਤ ਹੋ ਜਾਂਦੀ ਹੈ।

ਆਖਣਿ ਅਉਖਾ ਸਾਚਾ ਨਾਉ।।

(ਇਹ ਪਤਾ ਹੁੰਦਿਆਂ ਭੀ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਔਖਾ (ਕੰਮ ਜਾਪਦਾ ਹੈ)।

ਸਾਚੇ ਨਾਮ ਕੀ ਲਾਗੈ ਭੂਖ।।

ਜਿਸ ਮਨੁੱਖ ਦੇ ਅੰਦਰ ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਤਾਂਘ  ਪੈਦਾ ਹੋ ਜਾਂਦੀ ਹੈ,

ਉਤੁ ਭੂਖੈ ਖਾਇ ਚਲੀਅਹਿ ਦੂਖ।।੧।।

ਉਸ ਤਾਂਘ ਦੀ ਬਰਕਤ ਨਾਲ (ਹਰਿ ਨਾਮ ਭੋਜਨ) ਖਾ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।

ਸੋ ਕਿਉ ਵਿਸਰੈ ਮੇਰੀ ਮਾਇ।।

ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾ ਭੁੱਲੇ।

ਸਾਚਾ ਸਾਹਿਬੁ ਸਾਚੈ ਨਾਇ।।੧।। ਰਹਾਉ।।

ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉ ਤਿਉ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿੱਚ ਆ ਵੱਸਦਾ ਹੈ) ।।੧।। ਰਹਾਉ।।

ਸਾਚੇ ਨਾਮ ਕੀ ਤਿਲੁ ਵਡਿਆਈ।।

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ...

ਆਖਿ ਥਕੇ ਕੀਮਤਿ ਨਹੀ ਪਾਈ।।

ਬਿਆਨ ਕਰਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ) ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ।

ਜੇ ਸਭਿ ਮਿਲਿ ਕੈ ਆਖਣ ਪਾਹਿ।।

ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,

ਵਡਾ ਨ ਹੋਵੈ ਘਾਟਿ ਨ ਜਾਇ।।੨।।

ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸਨੂੰ ਆਪਣੀ ਸੋਭਾ ਦਾ ਲਾਲਚ ਨਹੀਂ)।।੨।।

ਨਾ ਓਹੁ ਮਰੈ ਨ ਹੋਵੈ ਸੋਗੁ।।

ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖਾਤਰ) ਸੋਗ ਹੁੰਦਾ ਹੈ।

ਦੇਦਾ ਰਹੈ ਨ ਚੂਕੈ ਭੋਗੁ।।

ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ਼ ਕਦੇ ਮੁਕਦੀਆਂ ਨਹੀਂ)।

ਗੁਣੁ ਏਹੋ ਹੋਰੁ ਨਾਹੀ ਕੋਇ।।

ਉਸ ਦੀ ਵੱਡੀ ਖੂਬੀ ਇਹ ਹੈ ਕਿ ਕੋਈ ਹੋਰ ਇਸ ਵਰਗਾ ਨਹੀਂ ਹੈ।

ਨਾ ਕੋ ਹੋਆ ਨਾ ਕੋ ਹੋਇ।।੩।।

(ਉਸ ਵਰਗਾ ਅਜੇ ਤੱਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ।।੩।।

ਜੇਵਡੁ ਆਪਿ ਤੇਵਡ ਤੇਰੀ ਦਾਤਿ।।

(ਹੇ ਪ੍ਰਭੂ!)  ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖਸ਼ਿਸ਼।






No comments

Powered by Blogger.