ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 19
ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 19
(ਜੋ ਜੀਵ ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਧਾਰਮਿਕ ਉੱਦਮ ਕਰਮ ਆਦਿਕ ਕਰੀ ਜਾਂਦੀ ਹੈ, ਪਰ ਉਸਦੇ ਅੰਦਰ ਮਾਇਆ ਮੋਹ ਪ੍ਰਬਲ ਹੈ) ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿੱਚ ਆਸਰਾ ਨਹੀਂ ਲੈ ਸਕਦੀ, (ਕਿਉਂਕਿ) ਝੂਠ (ਭਾਵ, ਮਾਇਆ ਦਾ ਮੋਹ) ਪ੍ਰਭੂ ਦੀ ਹਜ਼ੂਰੀ ਵਿੱਚ ਦੁਰਕਾਰਿਆ ਹੀ ਜਾਂਦਾ ਹੈ।।੧।। ਰਹਾਉ।।
(ਕਿਸਾਨ ਆਪਣੇ ਰੋਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ਤਾਂ ਕਿ ਫਸਲ ਚੰਗਾ ਲੱਗ ਸਕੇ) ਸਦਾ ਥਿਰ ਰਹਿਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਉਹ (ਬੜਾ) ਸਿਆਣਾ ਕਿਸਾਨ ਹੈ, ਉਹ ਗਲਤੀ ਨਹੀਂ ਖਾਂਦਾ।
( ਜਿਸ ਹਿਰਦੇ - ਧਰਤੀ ਵਿੱਚ ਨਾਮ ਬੀਜ ਬੀਜਣਾ ਹੁੰਦਾ ਹੈ) ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ ਫਿਰ ਉਸ ਵਿੱਚ ਸੱਚੇ ਨਾਮ ਦਾ ਬੀਜ ਬੀਜਦਾ ਹੈ।
ਉਥੇ ਨਾਮ ਉੱਗਦਾ ਹੈ, (ਮਾਨੋ) ਨੌ ਖਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਾਲ (ਉਸ ਹਿਰਦੇ ਵਿੱਚ ਕੀਤੀ ਮਿਹਨਤ) ਕਬੂਲ ਪੈਂਦੀ ਹੈ।।੨।।
ਜਿਹੜਾ ਮਨੁੱਖ ਜਾਣ ਬੁੱਝ ਕੇ ਗੁਰੂ (ਦੀ ਬਜ਼ੁਰਗੀ) ਨੂੰ ਨਹੀਂ ਸਮਝਦਾ ਉਸਦਾ ਸਾਰਾ ਜੀਵਨ ਢੰਗ ਕੋਝਾ ਹੈ।
(ਆਤਮਕ ਰੌਸ਼ਨੀ ਵੱਲੋਂ) ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਜੀਵਨ ਪੰਧ ਵਿੱਚ) ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ।
ਉਸ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਉਹ ਨਿੱਤ ਜੰਮਦਾ ਹੈ ਮਰਦਾ ਹੈ, ਜੰਮਦਾ ਹੈ, ਮਰਦਾ ਹੈ ਤੇ ਖੁਆਰ ਹੁੰਦਾ ਰਹਿੰਦਾ ਹੈ।।੩।।
(ਕਿਸੇ ਇਸਤ੍ਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ) ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਾਇਆ।
ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ।
ਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ) ਚੰਗੀ ਨ ਲੱਗੀ, ਤਾਂ ਉਸਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ ਇਸਤ੍ਰੀ ਦਾ ਹੈ, ਪਤੀ ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ)।।੪।।
ਅਜਿਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ) ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੋ ਜਾਂਦੀਆਂ ਹਨ।
ਜਦ ਤੱਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (ਤੀਰ) ਨਾਲ ਵਿੱਝਦਾ ਨਹੀਂ, ਤਦ ਤੱਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ ।
ਹੇ ਨਾਨਕ! ਉਹੀ ਭਾਗਾਂ ਵਾਲੀਆਂ ਜੀਵ ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ।।੫।।੧੩।।
ਜਦੋਂ ਜਿੰਦ ਸਰੀਰ ਵਿੱਚੋਂ ਨਿਕਲ ਜਾਂਦੀ ਹੈ, ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ।
ਜੇਹੜੀ ਜੀਵਨ ਅਗਨੀ (ਪਹਿਲਾਂ ਇਸ ਵਿੱਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ ਸੱਤਿਆ ਮੁੱਕ ਜਾਂਦੀ ਹੈ), ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ।
(ਅੱਖਾਂ ਕੰਨ ਆਦਿਕ) ਜਿਹੜੇ ਪੰਜ ਗਿਆਨ ਇੰਦ੍ਰੇ (ਪਰ ਤਨ ਨਿੰਦਾ ਆਦਿਕ) ਮਾਇਕ ਮੋਹ ਵਿਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਹੋ ਕੇ ਰੋਏ (ਭਾਵ, ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ)।।੧।।
ਹੇ ਮੂਰਖ ਜੀਵ! (ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ) ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ।
ਸਾਰੀ ਸ੍ਰਿਸ਼ਟੀ (ਗਾਫਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿੱਚ ਹਉਮੈ ਵਿੱਚ ਤੇ ਅਹੰਕਾਰ ਵਿੱਚ ਠੱਗੀ ਜਾ ਰਹੀ ਹੈ।।੧।।ਰਹਾਉ।।
ਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨਿਆਵੀ ਕਾਰ ਵਿੱਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ,
ਉਹ ਸਦਾ ਮੇਰ ਤੇਰ ਵਿੱਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿੱਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ।
ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ ਅੱਗ ਤੋਂ ਬਚ ਗਏ, ਬਾਕੀ ਸਭਨਾਂ ਨੂੰ ਦੁਨੀਆਂ ਦੇ ਖੱਲਜਗਣ ਠੱਗ ਨੇ ਠੱਗ ਲਿਆ।।੨।।
ਉਸ ਦੀ ਦੁਨਿਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਰਹਿ ਜਾਂਦਾ।
ਉਸ ਦੀ ਮਾਇਆ ਵਾਲੀ ਦੌੜ ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖਤਮ ਹੋ ਜਾਂਦੀ ਹੈ, ਤੇ ਕ੍ਰੋਧ ਵੀ ਮਰ ਜਾਂਦਾ ਹੈ।
ਪਰ ਜੋ ਗੁਰਮੁਖਿ ਗਿਆਨ ਇੰਦ੍ਰਿਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸਨੂੰ ਪ੍ਰਭੂ ਦੀ ਕਿਰਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ।।੩।।
ਜਿਹੜਾ ਮਨੁੱਖ ਸਿਮਰਨ ਦੀ ਸਦਾ ਟਿਕੀ ਰਹਿਣ ਵਾਲੀ ਕਾਰ ਵਿੱਚ ਲੱਗਾ ਰਹਿੰਦਾ ਹੈ ਉਸ ਨ ਸਦਾ ਥਿਰ ਪ੍ਰਭੂ ਮਿਲ ਪੈਂਦਾ ਹੈ, ਉਸਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ।
ਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ।
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿੱਚ ਸਰੋਪਾ ਲੈ ਕੇ ਜਾਂਦਾ ਹੈ।।੪।।੧੪।।
(ਜਿਸ ਨੇ ਨਾਮ ਨਹੀਂ ਸਿਮਰਿਆ, ਉਸਦਾ ) ਸਰੀਰ (ਵਿਕਾਰਾਂ ਵਿੱਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ ਰੁਲ ਜਾਂਦਾ ਹੈ ਉਸਦਾ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਮਨੋ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ।
ਫਿਰ ਵੀ ਵਿਕਾਰ ਉਸਦੀ ਖਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿੱਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ।
ਗੁਰ ਸ਼ਬਦ ਤੋਂ ਵਾਂਜਿਆਂ ਰਹਿ ਕੇ ਉਹ ਭਟਕਣਾ ਵਿੱਚ ਪਿਆ ਰਹਿੰਦਾ ਹੈ। ਦੁਬਿਧਾ ਉਸ ਮਨੁੱਖ ਦਾ (ਗਿਆਨ ਇੰਦ੍ਰਿਆਂ ਦਾ) ਸਾਰਾ ਹੀ ਪਰਿਵਾਰ (ਮੋਹ ਦੇ ਸਮੁੰਦਰ ਵਿੱਚ) ਡੋਬ ਦਿੰਦੀ ਹੈ।।੧।।
ਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜ (ਤੇ ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ।
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੀ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ।।੧।। ਰਹਾਉ।।
ਜਿਸ ਸਰੀਰ ਵਿੱਚ ਸਦਾ ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿੱਤਰ ਅਖਵਾ ਸਕਦਾ ਹੈ।
ਜਿਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ ਪਿਆਰ ਵਿੱਚ ਪਰਮਾਤਮਾ ਦੀ ਯਾਦ ਵਿੱਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ,
ਜਿਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿੱਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ।।੨।।
(ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ,
ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।
ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿੱਚ) ਆਦਰ ਮਿਲਦਾ ਹੈ ਉਹ ਸਦਾ ਪਵਿੱਤਰ ਰਹਿੰਦਾ ਹੈ, ਉਸਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।।੩।।
ਉਸ ਦਾ ਮਨ ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ।

Post a Comment