8

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 7

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 7 

 

Guru granth sahib in punjabi


(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ।


ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇੱਕੋ ਜਿਹਾ ਰਹਿੰਦਾ ਹੈ।।੨੯।।


(ਲੋਕਾਂ ਵਿੱਚ ਇਹ ਖਿਆਲ ਆਮ ਪ੍ਰਚੱਲਿਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸਤੂਤ ਹੋਈ ਤੇ ਪ੍ਰਤੱਖ ਤੌਰ ਤੇ ਉਸਦੇ ਤਿੰਨ ਪੁੱਤਰ ਜੰਮ ਪਏ।


ਉਹਨਾਂ ਵਿੱਚੋਂ ਇੱਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ, (ਭਾਵ, ਜੀਵਾਂ ਨੂੰ ਸੰਘਾਰਦਾ ਹੈ)।


(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ, ਅਤੇ ਸ਼ਿਵ ਦੇ ਕੁਝ ਹੱਥ ਨਹੀਂ)।


ਇਹ ਬੜਾ ਅਸਚਰਜ ਕੌਤਕ ਹੈ ਕਿ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿਸਦਾ।


(ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਇਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ।


ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ)।।੩੦।।


ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿੱਚ ਹੈ (ਭਾਵ, ਹਰੇਕ ਭਵਨ ਵਿੱਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ)।


ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿੱਚ) ਪਾਇਆ ਹੈ ਇੱਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸਦੇ ਭੰਡਾਰੇ ਸਦਾ ਅਖੁੱਟ ਹਨ)।


ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ।


ਹੇ ਨਾਨਕ! ਸਦਾ ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ ਸ੍ਰਿਸ਼ਟੀ ਦੀ ਸੰਭਾਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੂੰ ਖਾਲੀ ਹੈ)।


(ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ।


ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ)।।੩੧।।


ਜੇ ਇੱਕ ਜੀਭ ਤੋਂ ਲੱਖਾਂ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ।


(ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇੱਕ ਇੱਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।


ਇਸ ਰਸਤੇ ਵਿੱਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿੱਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਾਉੜੀਆਂ ਹਨ, ਉਹਨਾਂ ਉੱਤੇ ਆਪਾਂ ਭਾਗ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ।


ਆਪਾ ਭਾਵ ਦੂਰ ਕਰਨ ਤੋਂ ਬਿਨਾਂ ਇਹ ਗਿਣਤੀ ਦੇ ਪਾਠਾਂ ਵਾਲਾ ਉਦਮ ਇਉਂ ਹੈ, ਮਾਨੋ) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ)।


ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ)।।੩੨।।


ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਭੀ ਸਾਡਾ ਕੋਈ ਆਪਣਾ ਇਖਤਿਆਰ ਨਹੀਂ ਹੈ।


ਨਾ ਹੀ ਮੰਗਣ ਵਿੱਚ ਸਾਡੀ ਮਨ ਮਰਜ਼ੀ ਚਲਦੀ ਹੈ ਅਤੇ ਨਾ ਹੀ ਦੇਣ ਵਿੱਚ।


ਜੀਵਨ ਵਿੱਚ ਤੇ ਮਰਨ ਵਿੱਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)।


ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿੱਚ ਭੀ ਸਾਡਾ ਕੋਈ ਜ਼ੋਰ ਨਹੀਂ ਚਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿੱਚ ਫੂੰ ਫਾਂ ਹੁੰਦੀ ਹੈ।


ਆਤਮਕ ਜਾਗ ਵਿੱਚ, ਗਿਆਨ ਵਿੱਚ ਤੇ ਵਿਚਾਰ ਵਿੱਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ।


ਉਸ ਜੁਗਤੀ ਵਿੱਚ ਰਹਿਣ ਲਈ ਭੀ ਸਾਡਾ ਇਖਤਿਆਰ ਨਹੀਂ ਹੈ, ਜਿਸ ਕਰਕੇ ਜਨਮ ਮਰਨ ਮੁੱਕ ਜਾਂਦਾ ਹੈ।


ਉਹੀ ਅਕਾਲ ਪੁਰਖ ਰਚਨਾ ਰਚ ਕੇ (ਉਸ ਦੀ ਹਰ ਪ੍ਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿੱਚ ਸਮਰਥਾ ਹੈ।


ਹੇ ਨਾਨਕ! ਆਪਣੇ ਆਪ ਵਿੱਚ ਨਾ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਉਣ ਵਾਲਾ ਉਹ ਪ੍ਰਭੂ ਆਪ ਹੀ ਹੈ। ਜੇ ਸਿਮਰਨ ਦੀ ਬਰਕਤ ਨਾਲ ਇਹ ਨਿਸ਼ਚਾ ਬਣ ਜਾਏ ਤਾਂ ਹੀ ਪਰਮਾਤਮਾ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ)।।੩੩।।


ਰਾਤਾਂ, ਰੁੱਤਾ, ਥਿੱਤਾਂ ਤੇ ਵਾਰ,


ਹਵਾ, ਪਾਣੀ, ਅੱਗ ਅਤੇ ਪਾਤਾਲ ਇਹਨਾਂ ਸਾਰਿਆਂ ਦੇ ਇਕੱਠ ਵਿੱਚ (ਅਕਾਲ ਪੁਰਖ ਨੇ)


ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ।


ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਕਈ ਰੰਗਾਂ ਦੇ ਜੀਵ (ਵਸਦੇ ਹਨ),


ਜਿਨ੍ਹਾਂ ਦੇ ਅਨੇਕਾਂ ਅਤੇ ਅਨਗਿਣਤ ਹੀ ਨਾਮ ਹਨ।


(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ।


(ਜਿਸ ਵਿੱਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸ ਦਾ ਦਰਬਾਰ ਭੀ ਸੱਚਾ ਹੈ।


ਉਸ ਦਰਬਾਰ ਵਿੱਚ ਸੰਤ ਜਨ ਪ੍ਰਤੱਖ ਤੌਰ ਤੇ ਸੋਭਦੇ ਹਨ,


ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ਼ (ਉਨਾਂ ਸੰਤ ਜਨਾਂ ਦੇ ਮੱਥੇ ਉੱਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।


(ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ।


ਹੇ ਨਾਨਕ! ਅਕਾਲ ਪੁਰਖ ਦੇ ਦਰ ਤੇ ਗਿਆਂ ਹੀ ਸਮਝ ਆਉਂਦੀ ਹੈ (ਕਿ ਅਸਲ ਵਿੱਚ ਕੌਣ ਪੱਕਾ ਹੈ ਤੇ ਕੌਣ ਕੱਚਾ)।।੩੪।।


ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, ( ਜੋ ਉੱਪਰ ਦੱਸਿਆ ਗਿਆ ਹੈ)


ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿੱਚ ਹੈ)।


(ਅਕਾਲ ਪੁਰਖ ਦੀ ਰਚਨਾ ਵਿੱਚ) ਕਈ ਪ੍ਰਕਾਰ ਦੇ ਪਾਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ।


ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।


ਅਕਾਲ ਪੁਰਖ਼ ਦੀ ਕੁਦਰਤ ਵਿੱਚ ਬੇਅੰਤ ਧਰਤੀਆਂ ਹਨ, ਬੇਅੰਤ ਪਰਬਤ, ਬੇਅੰਤ ਧੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ।


ਬੇਅੰਤ ਇੰਦਰ ਦੇਵਤੇ, ਚੰਦਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ ਚੱਕਰ ਹਨ।


ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।


(ਅਕਾਲ ਪੁਰਖ ਦੀ ਰਚਨਾ ਵਿੱਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪ੍ਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ।


(ਜੀਵ ਰਚਨਾ ਦੀਆਂ) ਬੇਅੰਤ ਖਾਣੀਆਂ ਹਨ, ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ)  ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ,


ਬੇਅੰਤ ਪ੍ਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ।।੩੫।।


ਗਿਆਨ ਖੰਡ ਵਿੱਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿੱਚ) ਗਿਆਨ ਹੀ ਬਲਵਾਨ ਹੁੰਦਾ ਹੈ।


ਇਸ ਅਵਸਥਾ ਵਿੱਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।










No comments

Powered by Blogger.