ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 10
ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 10
(ਤੂੰ ਐਸਾ ਹੈਂ) ਜਿਸਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।
ਜੋ (ਅਜਿਹੇ) ਖਸਮ ਪ੍ਰਭੂ ਨੂੰ ਭੁਲਾ ਦਿੰਦੇ ਹਨ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ।
ਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ।।੪।।੩।।
ਹੇ ਮਹਾਂਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ,
ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸ਼ਰਨ ਆਇਆ ਹਾਂ। ਕਿਰਪਾ ਕਰਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ ਚਾਨਣ ਪੈਦਾ ਕਰੇ।।੧।।
ਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ ਚਾਨਣ ਬਖਸ਼।।
ਗੁਰੂ ਦੀ ਦੱਸੀ ਮੱਤ ਦੀ ਰਾਹੀ ਮਿਲਿਆ ਹੋਇਆ ਹਰਿ ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫਤ ਸਲਾਹ ਮੇਰੀ ਜਿੰਦਗੀ ਦੇ ਸਫਰ ਲਈ ਰਾਸ ਪੂੰਜੀ ਬਣੀ ਰਹੇ।।੧।।ਰਹਾਉ।।
ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ।
ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਸਾਧ ਸੰਗਤ ਵਿੱਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ।।੨।।
ਪਰ ਜਿੰਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿੰਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦਕਿਸਮਤ ਹਨ, ਉਹ ਜਮਾਂ ਦੇ ਵਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉੱਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ)।
ਜੋ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦੇ, ਜੋ ਸਾਧ ਸੰਗਤ ਵਿੱਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੀ ਜਿਊਣ ਨੂੰ, ਉਹਨਾਂ ਦਾ ਜਿਊਣਾ ਫਿਟਕਾਰ ਜੋਗ ਹੈ।।੩।।
ਜਿੰਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤ ਵਿੱਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉੱਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ।
ਹੇ ਨਾਨਕ! ਧੰਨ ਹੈ ਸਤਸੰਗ! ਧੰਨ ਹੈ ਸਤਸੰਗ! ਜਿਸ ਵਿੱਚ (ਬੈਠਿਆ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿੱਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿੱਚ ਪਰਮਾਤਮਾ ਦਾ) ਨਾਮ ਆ ਵਸਦਾ ਹੈ।।੪।।੪।।
ਹੇ ਮਨ! (ਤੇਰੀ ਖਾਤਰ) ਜਿਸ ਆਹਰ ਵਿੱਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ ਫਿਕਰ ਕਰਦਾ ਰਹਿੰਦਾ ਹੈਂ?
ਜਿਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿੱਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰੱਖਿਆ ਹੈ।।੧।।
ਹੇ ਮੇਰੇ ਪ੍ਰਭੂ ਜੀ! ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖਲੇ ਫਿਕਰਾਂ ਤੋਂ) ਬਚ ਜਾਂਦੇ ਹਨ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ।।੧।। ਰਹਾਉ।।
(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।
ਹੇ ਮਨ! ਤੂੰ ਕਿਉਂ ਡਰਦਾ ਹੈ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ।।੨।।
(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ ਪਿੱਛੇ ਉਸਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।
ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਦੀ ਰਹਿੰਦੀ ਹੈ (ਤੇ ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ)।।੩।।
ਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।
ਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, ਜਿਸ ਦੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ।।੪।।੫।।
ਰਾਗ ਆਸਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋ-ਪੁਰਖੁ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ (ਫਿਰ ਵੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਅਤੇ ਬੇਅੰਤ ਹੈ।
ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ।
ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।
ਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ਉਹ (ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਹੇ ਨਾਨਕ! ਉਸ ਤੋਂ ਬਿਨਾਂ) ਜੀਵ ਵਿਚਾਰੇ ਕੀਹ ਹਨ? (ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ)।।੧।।

Post a Comment