8

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 28

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 28

Sri guru granth sahib ji with meaning in punjabi


ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।


ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿੱਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸੱਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿੱਚ ਭੀ ਥਾਂ ਨਹੀਂ ਮਿਲਦਾ।


(ਮੌਤ ਆਇਆਂ) ਸਿਮਰਨ ਦਾ ਸਮਾਂ ਮਿਲ ਨਹੀਂ ਸਕਦਾ। ਆਖਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।


ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿੱਚ ਸੁਰਤ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ।।੪।।


ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖਾਤਰ ਕਰਦਾ ਹੈ, ਉਸਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ।


(ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ।


ਉਹ ਮਨੁੱਖ ਹਰੀ ਦੇ ਗੁਣ ਗਾ ਕੀ ਹਰੀ ਦੇ ਚਰਨਾਂ ਵਿੱਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ।


ਹੇ ਨਾਨਕ! ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫਤ ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ।।੫।।੪।।੩੭।।


ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿੱਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ,


ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿੱਚ ਉਹ ਸਦਾ ਸੁਰਖਰੂ ਹੁੰਦੇ ਹਨ।


ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿੱਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।।੧।।


ਹੇ ਭਾਈ! ਗੁਰੂ ਦੀ ਸ਼ਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ।


(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। (ਗੁਰੂ ਮਨੁੱਖ ਦੇ ਮਨ ਵਿੱਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦਿੰਦਾ ਹੈ।।੧।। ਰਹਾਉ।।


(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ। ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ।


ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿੱਚ ਮਸਤ ਰਹਿੰਦੇ ਹਨ।


ਉਹ ਬੰਦੇ (ਵਿਕਾਰਾਂ ਦੇ) ਗੰਦ ਵਿੱਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿੱਚ ਹੀ ਪਏ ਰਹਿੰਦੇ ਹਨ।।੨।।


ਜਿਹੜੇ ਮਨੁੱਖ ਗੁਰੂ ਦੇ ਪ੍ਰੇਮ ਵਿੱਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ,


ਉਹ ਆਪਣਾ ਸਾਰਾ ਖਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ।


(ਇਸ ਵਾਸਤੇ,) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਨਾਮ ਸਿਮਰਦਾ ਹੈ) ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ।।੩।।


ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,


ਉਹ ਬੰਦੇ ਸਦਾ-ਥਿਰ ਪ੍ਰਭੂ ਵਿੱਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿੱਤਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿੱਤਰ ਹੋ ਜਾਂਦਾ ਹੈ, ਤੇ ਉਹ ਖਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ)।


ਹੇ ਨਾਨਕ! ਜਗਤ ਵਿੱਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ।।੪।।੫।।੩੮।।


ਪਰਮਾਤਮਾ ਦੀ ਭਗਤੀ ਕਰਨ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ।


ਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ।


ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖਜ਼ਾਨਾ ਹੈ।।੧।।


ਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ ਕਿ)


ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ।।੧।। ਰਹਾਉ।।


ਜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ।


ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖੁਆਰ ਹੀ ਕਰਦਾ ਹੈ।


ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿੱਚ) ਰਲਾਇਆਂ ਰਲ ਨਹੀਂ ਸਕਦਾ।।੨।।


ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜਿਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ।


ਜਿਹੜਾ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦਿੰਦਾ ਹੈ ਪਰਮਾਤਮਾ ਦੇ ਅੱਗੇ ਰੱਖ ਦਿੰਦਾ ਹੈ।


ਜਿਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿੱਚ) ਕਬੂਲ ਪੈਂਦਾ ਹੈ।।੩।।


ਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾਂ ਉਹ ਪ੍ਰਾਪਤ ਨਹੀਂ ਹੋ ਸਕਦਾ।





No comments

Powered by Blogger.