8

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 27

ਗੁਰਬਾਣੀ ਦੀ ਵਿਆਖਿਆ ਪੰਜਾਬੀ ਵਿੱਚ - ਅੰਗ 27

Guru granth sahib with meaning in punjabi


(ਜਿਸ ਦੇਸ਼ ਵਿੱਚ) ਜਿਸ (ਬਾਦਸ਼ਾਹ) ਦੀ ਹਕੂਮਤ ਹੋਵੇ (ਉਸ ਦੇਸ਼ ਦਾ) ਹਰੇਕ ਜੀਵ ਉਸੇ (ਬਾਦਸ਼ਾਹ) ਦਾ ਹੋ ਕੇ ਰਹਿੰਦਾ ਹੈ।


(ਇਸੇ ਤਰ੍ਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿੱਚ ਪਰਗਟ ਹੋ ਜਾਂਦਾ ਹੈ।


(ਤੇ ਗੁਰੂ ਦੇ ਸਨਮੁਖ ਹੋ ਕੇ) ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਏ ਉਹ ਸਦਾ ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਤੇ ਉਹ ਸਦਾ-ਥਿਰ ਸੋਭਾ ਪਾਂਦਾ ਹੈ।


ਜਿਹੜੇ ਬੰਦੇ ਸਦਾ-ਥਿਰ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਆਪਣੇ ਅੰਤਰ ਆਤਮੇ ਵਿੱਚ ਰਹਿੰਦਾ ਹੈ।।੧।।


ਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ ਹੈ।


ਉਸ ਪ੍ਰਭੂ ਦੇ ਨਾਲ਼ ਮਿਲਾਪ ਉਸ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਹੋ ਸਕਦਾ ਹੈ, ਜੋ ਪਵਿੱਤਰ ਸਰੂਪ ਹੈ ਤੇ ਜੋ ਸਦਾ ਥਿਰ ਪ੍ਰਭੂ ਦਾ ਰੂਪ ਹੈ।।੧।।ਰਹਾਉ।।


ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ, ਉਹ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿੱਚ) ਮਿਲਾਂਦਾ ਹੈ।


(ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿੱਚ ਰਿਹਾ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।


(ਭਾਵੇਂ) ਸਭ ਜੀਵਾਂ ਵਿੱਚ ਪਰਮਾਤਮਾ ਹੀ ਵਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ,


ਫਿਰ ਭੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸਦੇ ਨਾਮ ਵਿੱਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ।।੨।।


ਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ,


(ਇਸ ਤਰ੍ਹਾਂ) ਉਹਨਾਂ ਦੀ ਮੱਤ ਉਹਨਾਂ ਦੀ ਅਕਲ ਕੁਰਾਹੇ ਪੈ ਜਾਂਦੀ ਹੈ, ਉਹ (ਜੀਵਨ ਦੇ ਸਹੀ ਰਸਤੇ ਨੂੰ) ਨਹੀਂ ਸਮਝਦੇ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ (ਪ੍ਰਬਲ ਹੁੰਦਾ) ਹੈ।


ਉਹ (ਮਾਇਆ ਪਿੱਛੇ) ਭਟਕ ਭਟਕ ਕੇ (ਲੋਭ-ਲਹਰ ਵਿੱਚ) ਖੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੀ ਗੇੜ ਵਿੱਚ ਭਟਕਦੇ ਰਹਿੰਦੇ ਹਨ।


ਪਰ ਉਹਨਾਂ ਦੇ ਭੀ ਕੀਹ ਵੱਸ? ਪੂਰਬਲੇ ਜੀਵਨ ਵਿੱਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਹੀ ਕਮਾਈ ਕਰੀਦੀ ਹੈ, ਕੋਈ (ਆਪਣੇ ਉੱਦਮ ਨਾਲ ਉਹਨਾਂ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ।।੩।।


(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸ਼ਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ।


ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ, ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ।


(ਗੁਰੂ-) ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ। (ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੀ ਜੋਤਿ ਵਿੱਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ।


ਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿੱਚ ਧੁਰੋਂ (ਬਖਸ਼ਿਸ਼ ਦਾ ਲੇਖ) ਲਿਖਿਆ ਹੋਇਆ ਹੋਵੇ।।੪।।


ਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ।


ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦਿੰਦਾ ਹੈ।


ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ, ਸਭ ਜੀਵਾਂ ਦੀ ਸੰਭਾਲ ਕਰਦਾ ਹੈ।


ਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖਲਾਸੀ ਦਾ ਰਾਹ ਲੱਭਦਾ ਹੈ।


ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿੱਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।


ਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫਤ ਸਾਲਾਹ ਕਰਕੇ ਉਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ।


ਜਿਹੜੇ ਬੰਦੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ, ਉਹ ਪਵਿੱਤਰ (ਆਚਰਨ ਵਾਲੇ) ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।


ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿੱਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ।।੧।।


ਹੇ ਮੇਰੇ ਮਨ! ਪਵਿੱਤਰ ਹਰਿ-ਨਾਮ ਸਿਮਰ।


ਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿੱਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸ਼ਰਨ ਪੈ ਕੇ (ਪਰਮਾਤਮਾ ਦੀ ਯਾਦ ਵਿੱਚ) ਸੁਰਤ ਜੋੜੀ ਰੱਖਦੇ ਹਨ।।੧।। ਰਹਾਉ।।


ਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵਸਦਾ ਹੈ।


ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮੱਤ ਲੈ ਕੇ ਉਸਨੂੰ (ਭਰਪੂਰਿ ਵਸਦਾ) ਪਛਾਣ ਲਿਆ ਹੈ, ਉਹ ਉਸਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨ।


ਜਿਨ੍ਹਾਂ ਮਨੁੱਖਾ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿੱਚ ਸਦਾ ਵਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ।


ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿੱਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ।।੨।।


ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿੱਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ  ਨੇ ਆਪਣੇ ਮਨ ਵਿੱਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ।


ਹਰ ਵੇਲੇ ਪ੍ਰਭੂ-ਭਗਤੀ ਵਿੱਚ ਰੰਗੇ ਹੋਏ ਬੰਦਿਆਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ (ਭੀ) ਪਵਿੱਤਰ ਹੋ ਜਾਂਦਾ ਹੈ।


ਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੈ ਉਹ ਨਾਸ ਹੋ ਜਾਂਦਾ ਹੈ, (ਇਸੇ ਤਰ੍ਹਾਂ ਮਾਇਆ ਦਾ ਸਾਥ ਭੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸਦੇ ਮੋਹ ਵਿੱਚ ਫਸਿਆ ਮਨੁੱਖ ਵਿਛੋੜੇ ਦਾ) ਦੁੱਖ ਦੁਖੀ ਹੋ ਹੋ ਕੇ ਫਰੋਲਦਾ ਹੈ।


ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ (- ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ।।੩।।














No comments

Powered by Blogger.