guru granth sahib translation in punjabi - ang 21
guru granth sahib translation in punjabi - ang 21
ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ।।
ਪੂਰੀ ਸਰਧਾ ਨਾਲ ਮਨ ਦੀ ਸ਼ੰਕਾ ਉਤਾਰ ਕੇ ਗੁਰੂ ਦੀ ਸ਼ਰਨ ਪੈ ਜਾਣਾ ਚਾਹੀਦਾ ਹੈ, (ਇਸ ਤਰ੍ਹਾਂ) ਅੰਦਰ ਵਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ।
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ।।
ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖਰ ਪੈਣਾ ਹੁੰਦਾ ਹੈ।
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ।।੨।।
(ਪਰ ਇਹ) ਅਵਸਥਾ ਤਦੋਂ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉੱਤੇ ਤੁਰੀਏ, ਤੇ (ਪ੍ਰਭੂ ਦੀ ਸਿਫਤ ਸਾਲਾਹ ਵਾਲੇ) ਸੋਹਣੇ ਸ਼ਬਦ ਵਿੱਚ ਇੱਕ ਰਸ (ਜੁੜੇ ਰਹੀਏ)।।੨।।
ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ।।
ਜਦੋਂ ਇੱਕ ਰਸ ਸਿਫਤ ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿੱਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ - ਇਹ ਹਾਲਤ ਮੁੱਕ ਜਾਂਦੀ ਹੈ)।
ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ।।
ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ)।
ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ।।੩।।
ਉਸ ਦੇ ਮੂੰਹ ਵਿੱਚ ਸਦਾ ਪ੍ਰਭੂ ਦਾ ਨਾਮ ਵਸਦਾ ਹੈ, ਉਸਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਲੈ ਜਾ ਕੇ ਆਦਰ ਮਿਲਦਾ ਹੈ।।੩।।
ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ।।
(ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿੱਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ।
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ।।
ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿੱਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਭੀ ਜੀਵ ਜਗਤ ਵਿੱਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ।
ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ।।੪।।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ ਸਦਾ ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿੱਚ ਰਹਿੰਦੇ ਹਨ।।੪।।
ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ।।
(ਮਾਇਆ ਵੱਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿੱਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿੱਚ ਰੰਗਿਆ ਰਹਿੰਦਾ ਹੈ।
ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ।।
ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾਂ ਆਨੰਦ ਮਾਣਦਾ ਹੈ, ਉਸਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।
ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ।।੫।।੧੮।।
ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵੱਲੋਂ) ਮਾਰ ਕੇ (ਪ੍ਰਭੂ ਚਰਨਾਂ ਵਿੱਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ।।੫।।੧੮।।
ਸਿਰੀਰਾਗੁ ਮਹਲਾ ੧।।
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ।।
ਮਾਇਆ - ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ ਵਿੱਚ ਫਸਿਆ ਰਹਿੰਦਾ ਹੈ।
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ।।
ਗੁਰੂ ਦੇ ਸ਼ਬਦ ਵਿੱਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮੱਤ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।
ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ।।੧।।
ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ ਖਜ਼ਾਨਾ ਪ੍ਰਭੂ ਇਸਨੂੰ ਮਿਲ ਪੈਂਦਾ ਹੈ।।੧।।
ਮਨ ਰੇ ਹਉਮੈ ਛੋਡਿ ਗੁਮਾਨੁ।।
ਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ - ਇਹ ਅਹੰਕਾਰ ਛੱਡ,
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ।।੧।। ਰਹਾਉ।।
ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸ਼ਰਨ ਪਾਉ ਜੋ (ਆਤਮਾ ਨੂੰ ਪਵਿੱਤਰ ਕਰਨ ਵਾਲਾ) ਸਰੋਵਰ ਹੈ। (ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਹਾਸਲ ਕਰੇਂਗਾ।।੧।।ਰਹਾਉ।।
ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ।।
ਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ ਨਾਮ ਧਨ ਦੀ ਕਦਰ ਸਮਝ।
ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ।।
ਸਾਧ ਸੰਗਤ ਵਿੱਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ।
ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ।।੨।।
(ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤ ਬਖਸ਼ੀ, ਉਸਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ।।੨।।
ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ।।
ਜਿਹੜਾ ਮਨੁੱਖ ਆਪਣੇ (ਲੋਭੀ) ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਂਗ (ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖੁਆਰ ਹੁੰਦਾ) ਹੈ, ਉਹ ਸਦਾ ਮਾਇਆ ਵਾਲੀ ਦੌੜ ਭੱਜ ਹੀ ਕਰਦਾ ਹੈ (ਇਥੋਂ ਤੱਕ ਨਿਘਰਦਾ ਹੈ ਕਿ) ਗੁਰੂ ਦੀ ਨਿੰਦਿਆ ਵਿੱਚ ਹਰ ਵੇਲੇ ਖੁਆਰ ਹੁੰਦਾ ਹੈ।
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ।।
ਮਾਇਆ ਵਾਲੀ ਭਟਕਣਾ ਵਿੱਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, (ਆਖਰ) ਜਮਰਾਜ ਉਸਨੂੰ ਗੁੱਝੀ ਮਾਰ ਮਾਰ ਕੇ ਭੋਹ ਕਰ ਦਿੰਦਾ ਹੈ।
ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ।।੩।।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁੱਖ ਨਹੀਂ ਪਾਂਦਾ, ਪਰ ਗੁਰੂ ਦੀ ਸ਼ਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ।।੩।।
ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ।।
(ਲੋਭੀ ਮਨੁੱਖ) ਇਸ ਲੋਕ ਵਿੱਚ ਦੁਨੀਆਂ ਦੇ ਜੰਜਾਲਾਂ ਵਿੱਚ ਖਚਿਤ ਰਹਿੰਦਾ ਹੈ, (ਪਰ ਪ੍ਰਭੂ ਦੀ ਹਜ਼ੂਰੀ ਵਿੱਚ) ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ।
ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ।।
ਗੁਰੂ ਅਸਲ ਮਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ (ਤੇ ਹੋਰਨਾਂ ਨੂੰ ਭੀ ਇਹੀ ਪ੍ਰੇਰਨਾ ਕਰਦਾ ਹੈ), ਗੁਰੂ ਵਾਲੀ ਇਹ ਕਾਰ (ਦਰਗਾਹ ਵਿੱਚ) ਮੰਨੀ ਜਾਂਦੀ ਹੈ।
ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ।।੪।।੧੯।।
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ (ਜਿਸ ਮਨੁੱਖ ਦੇ ਮੱਥੇ ਉੱਤੇ) ਲੇਖ ਉੱੱਘੜਦਾ ਹੈ ਉਸਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ।।੪।।੧੯।।
ਸਿਰੀਰਾਗੁ ਮਹਲਾ ੧।।
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ।।
(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿੱਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ)।
ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ।।
(ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿੱਚ ਨਾਹ ਵਸੇ, ਤਾਂ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਹੀਂ ਮਿਲ ਸਕਦੀ।
ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ।।੧।।
ਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫਤ ਸਾਲਾਹ ਦੀ ਦਾਤ ਦਿੰਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫਤ ਸਾਲਾਹ ਵਿੱਚ ਜੁੜਿਆਂ ਤ੍ਰਿਸ਼ਨਾ ਅੱਗ ਬੁੱਝ ਜਾਂਦੀ ਹੈ।।੧।।
ਮਨ ਰੇ ਅਹਿਨਿਸਿ ਹਰਿ ਗੁਣ ਸਾਰਿ।।
ਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ।
ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ।।੧।। ਰਹਾਉ।।
ਜਗਤ ਵਿੱਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ।।੧।। ਰਹਾਉ।।
ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ।।
ਜੇ ਪ੍ਰਭੂ ਦੀ ਜੋਤਿ ਵਿੱਚ ਆਪਣੀ ਜਿੰਦ ਰਲਾ ਦੇਈਏ, ਉਸ ਵਿੱਚ ਆਪਣੀ ਸੁਰਤ ਦਾ ਮੇਲ ਕਰ ਦੇਈਏ,
ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ।।
ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।
ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ।।੨।।
ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖਸ਼ਦਾ ਹੈ।।੨।।
ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ।।
ਜਿਵੇਂ ਇਸਤ੍ਰੀ ਆਪਣੇ ਪਤੀ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ ਇਸਤ੍ਰੀ (ਭਾਵ, ਗਿਆਨ - ਇੰਦ੍ਰਿਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਪ੍ਰਭੂ ਪਤੀ ਦਾ ਮਿਲਾਪ ਹੋ ਜਾਏ।
ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ।।
ਇਸ ਸਰੀਰ ਨੂੰ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵੱਲ ਖੁੱਲ੍ਹ ਮਿਲੀ ਰਹੇ), ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ।
ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ।।੩।।
ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ ਸੇਜ ਉਤੇ ਬੈਠਦਾ ਹੈ।।੩।।

Post a Comment