8

shri guru granth sahib ji in punjabi - ang 13

shri guru granth sahib ji in punjabi ang 13 

shri guru granth sahib ji in punjabi

ਨਾਨਕ ਕਰਤੇ ਕੇ ਕੇਤੇ ਵੇਸ।।੨।।੨।।

ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ)ਅਨੇਕਾਂ ਸਰੂਪ ਹਨ।।੨।।੨।।

ਰਾਗੁ ਧਨਾਸਰੀ ਮਹਲਾ ੧।।

ਰਾਗ ਧਨਾਸਰੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।

ਸਾਰਾ ਆਕਾਸ਼ (ਮਾਨੋ) ਥਾਲ ਹੈ ਤੇ ਸੂਰਜ ਤੇ ਚੰਦ (ਉਸ ਥਾਲ ਵਿੱਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿੱਚ) ਮੋਤੀ ਰੱਖੇ ਹੋਏ ਹਨ।

ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।੧।।

ਮਲਯ ਪਰਬਤ ਵੱਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ।।੧।।

ਕੈਸੀ ਆਰਤੀ ਹੋਇ।। ਭਵ ਖੰਡਨਾ ਤੇਰੀ ਆਰਤੀ।।

(ਕੁਦਰਤ ਵਿੱਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਇਹ ਹੈ ਤੇਰੀ ਅਦਭੁਤ ਆਰਤੀ! 

ਅਨਹਤਾ ਸਬਦ ਵਾਜੰਤ ਭੇਰੀ।।੧।। ਰਹਾਉ।।

(ਸਭ ਜੀਵਾਂ ਵਿੱਚ ਰੁਮਕ ਰਹੀ) ਇੱਕੋ ਜੀਵਨ-ਰੋ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ।।੧।। ਰਹਾਉ।।

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ।।

(ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।।੨।।

ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾਂ ਹੀ ਹੈਂ। ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।।੨।।

ਸਭ ਮਹਿ ਜੋਤਿ ਜੋਤਿ ਹੈ ਸੋਇ।।

ਸਾਰੇ ਜੀਵਾਂ ਵਿੱਚ ਇੱਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ।

ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।।

ਉਸ ਜੋਤਿ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ (ਸੂਝ ਬੂਝ) ਹੈ।

ਗੁਰ ਸਾਖੀ ਜੋਤਿ ਪਰਗਟੁ ਹੋਇ।।

ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ)।

ਜੋ ਤਿਸੁ ਭਾਵੈ ਸੁ ਆਰਤੀ ਹੋਇ।।੩।।

(ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿੱਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ)।।੩।।

ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੁ ਮੋਹਿ ਆਹੀ ਪਿਆਸਾ।।

ਹੇ ਹਰੀ! ਤੇਰੇ ਚਰਨ - ਰੂਪ ਕੌਲ - ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ।

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ।।੪।।੩।।

ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਹਾਂ।।੪।।੩।।

ਰਾਗੁ ਗਉੜੀ ਪੂਰਬੀ ਮਹਲਾ ੪।।

ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ।।

(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ।

ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ।।੧।।

ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿੱਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ)।।੧।।

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ।।

ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ।

ਕਰਿ ਡੰਡਉਤ ਪੁਨੁ ਵਡਾ ਹੇ।।੧।। ਰਹਾਉ।।

ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ।।੧।। ਰਹਾਉ।।

ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ।।

ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿੱਚ ਅਹੰਕਾਰ ਦਾ (ਮਨ) ਕੰਡਾ ਚੁੱਭਾ ਹੋਇਆ ਹੈ।

ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ।।੨।।

 ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਆਪਣੇ ਸਿਰ ਉੱਤੇ ਆਤਮਕ ਮੌਤ ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ)।।੨।।

ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ।।

(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।

ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ।।੩।।

ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ - ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਹੋ ਜਾਂਦੀ ਹੈ।।੩।।

ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ।।

ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਤੇ ਹਾਂ। ਤੂੰ ਸਭ ਤੋਂ ਵੱਡਾ ਸਹਾਈ ਹੈਂ। ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ।

ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ।।੪।।੪।।

ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ ਤੇਰੇ ਨਾਮ ਵਿੱਚ ਜੁੜਿਆਂ ਹੀ ਸੁੱਖ ਮਿਲਦਾ ਹੈ।।੪।।੪।।

ਰਾਗੁ ਗਉੜੀ ਪੂਰਬੀ ਮਹਲਾ ੫।।

ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ।।

ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ - (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ।

ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ।।੧।।

(ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿੱਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਇਗਾ।।੧।।

ਅਉਧ ਘਟੈ ਦਿਨਸੁ ਰੈਣਾਰੇ।। ਮਨ ਗੁਰ ਮਿਲਿ ਕਾਜ ਸਵਾਰੇ।।੧।। ਰਹਾਉ।।

ਹੇ ਮਨ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ। ਹੇ (ਮੇਰੇ) ਮਨ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ।।੧।। ਰਹਾਉ।।

ਏਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ।।

ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖਲਿਆਂ ਵਿੱਚ (ਡੁੱਬ ਰਹੇ ਹਨ। ਇਹਨਾਂ ਵਿੱਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸਨੇ ਪਰਮਾਤਮਾ ਨਾਲ ਜਾਣ ਪਛਾਣ ਪਾ ਲਈ ਹੈ।

ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ।।੨।।

(ਵਿਕਾਰਾਂ ਵਿੱਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ - ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫਤ - ਸਲਾਹ) ਕਰਨ ਦੀ ਜਾਂਚ ਸਿੱਖ ਲਈ ਹੈ।

ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ।।

ਜਿਸ ਕੰਮ ਵਾਸਤੇ (ਇੱਥੇ) ਆਏ ਹੋਂ, ਉਸ ਦਾ ਵਣਜ ਕਰੋ। ਉਹ ਹਰਿ ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿੱਚ ਵਸ ਸਕਦਾ ਹੈ।

ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ।।੩।।

(ਜੇ ਗੁਰੂ ਦੀ ਸ਼ਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿੱਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ।।੩।।

ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ।।

ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਬ ਵਿਆਪਕ ਸਿਰਜਨਹਾਰ! ਮੇਰੇ ਮਨ ਦੀ ਇੱਛਾ ਪੂਰੀ ਕਰ।

ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ।।੪।।੫।।

ਦਾਸ ਨਾਨਕ ਤੈਥੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ।।੪।।੫।।




No comments

Powered by Blogger.