shri guru granth sahib ji in punjabi - ang 5
shri guru granth sahib ji in punjabi ang 5
ਹੇ ਨਾਨਕ !ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ (ਪਰ ਦੱਸ ਨਹੀਂ ਸਕਦਾ)।
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ।।
ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿੱਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ।।
ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ) ਯਤਨ ਕਰੇ,ਉਹ ਅਕਾਲ ਪੁਰਖ ਦੇ ਦਰ ਤੇ ਜਾ ਕੀ ਆਦਰ ਨਹੀਂ ਪਾਉਂਦਾ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।
(ਸਾਰੇ ਵੇਦ ਇੱਕ ਜ਼ਬਾਨ ਹੋ ਕੇ ਆਖਦੇ ਹਨ) ਪਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ,
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ।।
(ਬੇਅੰਤ ਰਿਸ਼ੀ ਮੁਨੀ ਇਹਨਾਂ ਦੇ ਅਖੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ।।
(ਮੁਸਲਮਾਨ ਅਤੇ ਇਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, "ਕੁੱਲ ਅਠਾਰਹ ਹਜ਼ਾਰ ਆਲਮ ਹਨ ਜਿਨਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ" (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ।
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।।
ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋਂ ਹੀ ਲਿਖ ਸਕੀਦਾ ਹੈ, ਜੇ ਲੇਖਾ ਹੋ ਸਕੇ। (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ)।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ।।੨੨।।
ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿੱਚ ਵੱਡਾ) ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ।।੨੨।।
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ।।
ਸਲਾਹੁਣ ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕਿੱਡਾ ਵੱਡਾ ਹੈ।(ਸਿਫਤ ਸਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿੱਚੇ ਹੀ ਲੀਨ ਹੋ ਜਾਂਦੇ ਹਨ)।
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ।।
ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਂ ਨਹੀਂ ਪਾ ਸਕਦੇ)।
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ।।
ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ)।
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵਿਸਰਹਿ।।੨੩।।
(ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿੱਚ) ਇੱਕ ਕੀੜੀ ਦੇ ਵੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿੱਚੋਂ ਤੂੰ ਨਾਹ ਵਿਸਰ ਜਾਏਂ।।੨੩।।
ਅੰਤੁ ਨ ਸਿਫਤੀ ਕਹਣਿ ਨ ਅੰਤੁ।।
(ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ, ਗਿਣਨ ਨਾਲ ਵੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ। (ਗਿਣੇ ਨਹੀਂ ਜਾ ਸਕਦੇ)।
ਅੰਤੁ ਨ ਕਰਣੈ ਦੇਣਿ ਨ ਅੰਤੁ।।
ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ।
ਅੰਤੁ ਨ ਵੇਖਣਿ ਸੁਣਣਿ ਨ ਅੰਤੁ।।
ਵੇਖਣ ਤੇ ਸੁਣਨ ਨਾਲ ਵੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕਦਾ।
ਅੰਤੁ ਨ ਜਾਪੈ ਕਿਆ ਮਨਿ ਮੰਤੁ।।
ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਹੈ, ਇਸ ਗੱਲ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ।
ਅੰਤੁ ਨ ਜਾਪੈ ਕੀਤਾ ਆਕਾਰੁ।।
ਅਕਾਲ ਪੁਰਖ ਨੇ ਇਹ ਜਗਤ (ਜੋ ਦਿਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ।
ਅੰਤੁ ਨ ਜਾਪੈ ਪਾਰਾਵਾਰੁ।।
ਇਸ ਦਾ ਉਰਲਾ ਤੇ ਪਰਲਾ ਬੰਨਾ ਕੋਈ ਨਹੀਂ ਦਿਸਦਾ।
ਅੰਤੁ ਕਾਰਣਿ ਕੇਤੇ ਬਿਲਲਾਹਿ।।
ਕਈ ਮਨੁੱਖ ਅਕਾਲ ਪੁਰਖ ਦਾ ਹੱਦ ਬੰਨਾ ਲੱਭਣ ਲਈ ਤਰਲੇ ਲੈ ਰਹੇ ਸਨ।
ਤਾ ਕੇ ਅੰਤ ਨ ਪਾਏ ਜਾਹਿ।।
ਪਰ ਉਸ ਦੇ ਹੱਦ ਬੰਨੇ ਲੱਭੇ ਨਹੀਂ ਜਾ ਸਕਦੇ।
ਏਹੁ ਅੰਤੁ ਨ ਜਾਣੈ ਕੋਇ।।
(ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ।
ਬਹੁਤਾ ਕਹੀਐ ਬਹੁਤਾ ਹੋਇ।।
ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪ੍ਰਤੀਤ ਹੋਣ ਲੱਗ ਪੈਂਦਾ ਹੈ।
ਵਡਾ ਸਾਹਿਬੁ ਊਚਾ ਥਾਉ।।
ਅਕਾਲ ਪੁਰਖ ਵੱਡਾ ਹੈ ਉਸ ਦਾ ਟਿਕਾਣਾ ਉੱਚਾ ਹੈ।
ਊਚੇ ਉਪਰਿ ਊਚਾ ਨਾਉ।।
ਉਸਦਾ ਨਾਮਣਾ ਵੀ ਉੱਚਾ ਹੈ।
ਏਵਡੁ ਊਚਾ ਹੋਵੈ ਕੋਇ।।
ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ।
ਤਿਸੁ ਊਚੇ ਕਉ ਜਾਣੈ ਸੋਇ।।
ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕਿੱਡਾ ਵੱਡਾ ਹੈ)
ਜੇਵਡੁ ਆਪਿ ਜਾਣੈ ਆਪਿ ਆਪਿ।।
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ।
ਨਾਨਕ ਨਦਰੀ ਕਰਮੀ ਦਾਤਿ।।੨੪।।
ਹੇ ਨਾਨਕ! ਹਰੇਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲਦੀ ਹੈ।੨੪।।
ਬਹੁਤਾ ਕਰਮੁ ਲਿਖਿਆ ਨਾ ਜਾਇ।।
ਅਕਾਲ ਪੁਰਖ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ।
ਵਡਾ ਦਾਤਾ ਤਿਲੁ ਨ ਤਮਾਇ।।
ਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਵੀ ਲਾਲਚ ਨਹੀਂ।
ਕੇਤੇ ਮੰਗਹਿ ਜੋਧ ਅਪਾਰ।।
ਬੇਅੰਤ ਸੂਰਮੇ (ਅਕਾਲ ਪੁਰਖ ਦੇ ਦਰ ਤੇ) ਮੰਗ ਰਹੇ ਹਨ।
ਕੇਤਿਆ ਗਣਤ ਨਹੀ ਵੀਚਾਰੁ ।।
ਅਤੇ (ਮੰਗਣ ਵਾਲ਼ੇ) ਕਈ ਹੋਰ ਅਜਿਹੇ ਹਨ, ਜਿਨਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ।
ਕੇਤੇ ਖਪਿ ਤੁਟਹਿ ਵੇਕਾਰ।।
ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿੱਚ ਹੀ ਖਖ ਖਪ ਕੇ ਨਾਸ਼ ਹੁੰਦੇ ਹਨ।
ਕੇਤੇ ਲੈ ਲੈ ਮੁਕਰੁ ਪਾਹਿ।।
ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮੁੱਕਰ ਪੈਂਦੇ ਹਨ (ਭਾਵ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ)।
ਕੇਤੇ ਮੂਰਖ ਖਾਹੀ ਖਾਹਿ।।
ਅਨੇਕਾ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ)।
ਕੇਤਿਆ ਦੂਖ ਭੂਖ ਸਦ ਮਾਰ।।
ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਤੇ ਭੁੱਖ (ਹੀ ਭਾਗਾਂ ਵਿੱਚ ਲਿਖੇ ਹਨ)।
ਏਹਿ ਭਿ ਦਾਤਿ ਤੇਰੀ ਦਾਤਾਰ।।
ਪਰ ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖਸ਼ਿਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ)।
ਬੰਦਿ ਖ਼ਲਾਸੀ ਭਾਣੈ ਹੋਇ।।
ਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰੀਆਂ ਹੀ ਹੁੰਦਾ ਹੈ।
ਹੋਰੁ ਆਖਿ ਨ ਸਕੈ ਕੋਇ।।
ਰਜ਼ਾ ਤੋਂ ਬਿਨਾਂ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ)।
ਜੇ ਕੋ ਖਾਇਕੁ ਆਖਣਿ ਪਾਇ।।
ਪਰ ਜੇ ਕੋਈ ਮੂਰਖ਼ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਯਤਨ ਕਰੇ।
ਓਹੁ ਜਾਣੈ ਜੇਤੀਆ ਮੁਹਿ ਖਾਇ।।
ਤਾਂ ਉਹੀ ਜਾਣਦਾ ਹੈ ਕਿ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ ਆਪਣੇ ਮੂੰਹ ਤੇ ਖਾਂਦਾ ਹੈ (ਭਾਵ ਕੂੜ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿੱਚ ਤੁਰੇ ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ਕੂੜ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ।
ਆਪੇ ਜਾਣੈ ਆਪੇ ਦੇਇ।।
ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ ਦਿੰਦਾ ਹੈ)।
ਆਖਹਿ ਸਿ ਭਿ ਕੇਈ ਕੇਇ ।।
ਅਨੇਕਾਂ ਮਨੁੱਖ ਇਹ ਗੱਲ ਵੀ ਆਖਦੇ ਹਨ ਸਾਰੇ ਨ ਸ਼ੁਕਰੇ ਹੀ ਨਹੀਂ ਹਨ।
ਜਿਸ ਨੋ ਬਖਸੇ ਸਿਫਤਿ ਸਾਲਾਹ।।
ਹੇ ਨਾਨਕ !ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਲਾਹ ਬਖਸ਼ਦਾ ਹੈ।
ਨਾਨਕ ਪਾਤਿਸਾਹੀ ਪਾਤਿਸਾਹੁ।।੨੫।।
ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ ਹੈ) (ਸਿਫਤ ਸਲਾਹ ਹੀ ਸਭ ਤੋਂ ਉੱਚੀ ਦਾਤ ਹੈ)।।੨੫।।
ਅਮੁਲ ਗੁਣ ਅਮੁਲ ਵਾਪਾਰ।।
(ਅਕਾਲ ਪੁਰਖ ਦੇ )ਗੁਣ ਅਮੋਲਕ ਹਨ (ਭਾਵ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ।) (ਇਨਾ ਗੁਣਾਂ ਦੇ) ਵਪਾਰ ਕਰਨੇ ਭੀ ਅਮੋਲਕ ਹਨ।
ਅਮੁਲ ਵਾਪਾਰੀਏ ਅਮੁਲ ਭੰਡਾਰ।।
ਉਹਨਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ, ਜੋ (ਅਕਾਲ ਪੁਰਖ ਦੇ ਗੁਣਾਂ ਦੇ) ਵਪਾਰ ਕਰਦੇ ਹਨ, (ਗੁਣਾਂ ਦੇ) ਖਜ਼ਾਨੇ ਵੀ ਅਮੋਲਕ ਹਨ।
ਅਮੁਲ ਆਵਹਿ ਅਮੁਲ ਲੈ ਜਾਹਿ।।
ਉਨਾ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ ਉਹ ਵੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖਰੀਦ ਕੇ) ਲੈ ਜਾਂਦੇ ਹਨ।
ਅਮੁਲ ਭਾਇ ਅਮੁਲਾ ਸਮਾਹਿ।।
ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿੱਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿੱਚ ਲੀਨ ਹੋਏ ਹੋਏ ਹਨ ਉਹ ਵੀ ਅਮੋਲਕ ਹਨ ।
ਅਮੁਲੁ ਧਰਮੁ ਅਮੁਲੁ ਦੀਬਾਣੁ।।
ਅਕਾਲ ਪੁਰਖ ਦੇ ਕਨੂੰਨ ਤੇ ਰਾਜ ਦਰਬਾਰ ਅਮੋਲਕ ਹਨ।
ਅਮੁਲੁ ਤੁਲੁ ਅਮੁਲੁ ਪਰਵਾਣੁ।।
ਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ ਮੰਦੇ ਕੰਮਾਂ ਨੂੰ ਤੋਲਦਾ ਹੈ)।
ਅਮੁਲੁ ਬਖਸੀਸ ਅਮੁਲੁ ਨੀਸਾਣੁ।।
ਉਸ ਦੀ ਬਖਸ਼ਿਸ਼ ਤੇ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਨ।
ਅਮੁਲੁ ਕਰਮੁ ਅਮੁਲੁ ਫੁਰਮਾਣੁ।।
ਅਕਾਲ ਪੁਰਖ ਦੀ ਬਖਸ਼ਿਸ਼ ਤੇ ਹੁਕਮ ਵੀ ਮੁੱਲ ਤੋਂ ਪਰੇ ਹਨ (ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ)।
ਅਮੁਲੋ ਅਮੁਲੁ ਆਖਿਆ ਨ ਜਾਇ।।
ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ ਉਸ ਦਾ ਕੋਈ ਅੰਦਾਜਾ ਨਹੀਂ ਲੱਗ ਸਕਦਾ।
ਆਖਿ ਆਖਿ ਰਹੇ ਲਿਵ ਲਾਇ।।
ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ ਉਹ (ਅੰਤ ਨੂੰ) ਰਹਿ ਜਾਂਦੇ ਹਨ।
ਆਖਹਿ ਵੇਦ ਪਾਠ ਪੁਰਾਣ।।
ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ।
ਆਖਹਿ ਪੜੇ ਕਰਹਿ ਵਖਿਆਣ।।
ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ (ਅਕਾਲ ਪੁਰਖ ਦਾ) ਬਿਆਨ ਕਰਦੇ ਹਨ।
ਆਖਹਿ ਬਰਮੇ ਆਖਹਿ ਇੰਦ।।
ਕਈ ਬ੍ਰਹਮਾ, ਕਈ ਇੰਦਰ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ।

Post a Comment