Sri guru granth sahib ji with meaning in punjabi - ang 12
Sri guru granth sahib ji with meaning in punjabi ang 12
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ।।
ਹੇ ਪ੍ਰਭੂ! ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ।
ਤੁਧੁ ਬਿਨੁ ਦੂਜਾ ਅਵਰੁ ਨ ਕੋਇ।।
ਤੈਥੋਂ ਬਿਨਾਂ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ।।
ਜੀਵ ਪੈਦਾ ਕਰਕੇ ਉਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ, ਤੇ, ਹਰੇਕ (ਦੇ ਦਿਲ) ਦੀ ਸਾਰ ਜਾਣਦਾ ਹੈਂ।
ਜਨ ਨਾਨਕ ਗੁਰਮੁਖਿ ਪਰਗਟੁ ਹੋਇ।।੪।।੨।।
ਹੇ ਦਾਸ ਨਾਨਕ! ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ।।੪।।੨।।
ਆਸਾ ਮਹਲਾ ੧
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ।।
(ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿੱਚ ਵੱਸੋਂ ਹੈ (ਜਿਸ ਵਿੱਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ।
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ।।੧।।
(ਅਤੇ ਉਸ ਭਿਆਨਕ ਸਰੀਰ ਵਿੱਚ) ਜੋ ਮੋਹ ਦਾ ਚਿੱਕੜ ਹੈ (ਉਸ ਵਿੱਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿੱਚ ਫਸੇ ਪਏ ਹਨ)। ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿੱਚ ਫਸ ਕੇ) ਉਸ (ਤ੍ਰਿਸ਼ਨਾ ਅੱਗ ਦੇ ਅਸਗਾਹ ਸਮੁੰਦਰ) ਵਿੱਚ ਡੁੱਬਦੇ ਜਾ ਰਹੇ ਹਨ।
ਮਨ ਏਕੁ ਨ ਚੇਤਸਿ ਮੂੜ ਮਨਾ।।
ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ।
ਹਰਿ ਬਿਸਰਤ ਤੇਰੇ ਗੁਣ ਗਲਿਆ।।੧।। ਰਹਾਉ।।
ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ।।੧।। ਰਹਾਉ।।
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ।।
(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ ਜਤ, ਸਤ, ਅਤੇ ਵਿਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।
ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ।।੨।।੩।।
ਸੋ, ਨਾਨਕ ਬੇਨਤੀ ਕਰਦਾ ਹੈ (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿੱਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ)।।੨।।੩।।
ਆਸਾ ਮਹਲਾ ੫
ਭਈ ਪਰਾਪਤਿ ਮਾਨੁਖ ਦੇਹੁਰੀਆ।।
ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।
ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ।
ਅਵਰਿ ਕਾਜ ਤੇਰੈ ਕਿਤੈ ਨ ਕਾਮ।।
(ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ)।
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ।।੧।।
(ਇਸ ਵਾਸਤੇ) ਸਾਧ ਸੰਗਤ ਵਿੱਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤ ਵਿੱਚ ਬੈਠ ਕੇ ਭੀ) ਸਿਰਫ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤ ਵਿੱਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ, ਜੇ ਉਥੇ ਤੂੰ ਪਰਮਾਤਮਾ ਦੀ ਸਿਫਤ-ਸਲਾਹ ਵਿੱਚ ਜੁੜੇਂ)।।੧।।
ਸਰੰਜਾਮਿ ਲਾਗੁ ਭਵਜਲ ਤਰਨ ਕੈ।।
ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ।
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ।।੧।। ਰਹਾਉ।।
(ਨਹੀਂ ਤਾਂ ਨਿਰੇ) ਮਾਇਆ ਦੇ ਪਿਆਰ ਵਿੱਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।।੧।।ਰਹਾਉ।।
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ।।
ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ - ਤੂੰ (ਅਜਿਹਾ ਕੋਈ) ਧਰਮ ਨਹੀਂ ਕਮਾਂਦਾ।
ਸੇਵਾ ਸਾਧ ਨ ਜਾਨਿਆ ਹਰਿ ਰਾਇਆ।।
ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ।
ਕਹੁ ਨਾਨਕ ਹਮ ਨੀਚ ਕਰੰਮਾ।।
ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ ਕਿ) ਅਸੀਂ ਜੀਵ ਮੰਦ ਕਰਮੀ ਹਾਂ (ਤੇਰੀ ਸਰਨ ਪਏ ਹਾਂ),
ਸਰਣਿ ਪਰੇ ਕੀ ਰਾਖਹੁ ਸਰਮਾ।।੨।।੪।।
ਸਰਨ ਪਿਆਂ ਦੀ ਲਾਜ ਰੱਖ।।੨।।੪।।
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧
ਰਾਗ ਗਉੜੀ - ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ ' ਸੋਹਿਲਾ '।
ੴਸਤਿਗੁਰ ਪ੍ਰਸਾਦਿ।।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ।।
ਜਿਸ (ਸਤਸੰਗ) ਘਰ ਵਿੱਚ (ਪਰਮਾਤਮਾ ਦੀ) ਸਿਫਤ ਸਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ,
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ।।੧।।
(ਹੇ ਜਿੰਦ ਕੁੜੀਏ!) ਉਸ ਸਤਸੰਗ ਘਰ ਵਿੱਚ (ਜਾ ਕੇ ਤੂੰ ਭੀ) ਪ੍ਰਭੂ ਦੀ ਸਿਫਤ ਸਲਾਹ ਦੇ ਗੀਤ (ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ।।੧।।
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ।।
(ਹੇ ਜਿੰਦੇ!) ਤੂੰ ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫਤ ਦੇ ਗੀਤ ਗਾ,
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ।।੧।। ਰਹਾਉ।।
(ਅਤੇ ਆਖ) ਮੈਂ ਸਦਕੇ ਹਾਂ ਉਸ ਸਿਫਤ ਦੇ ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁੱਖ ਮਿਲਦਾ ਹੈ।।੧।। ਰਹਾਉ।।
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ।।
(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿੱਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ।
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ।।੨।।
(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਉਹ ਦਾਤਾਰ ਪ੍ਰਭੂ ਬਹੁਤ ਬੇਅੰਤ ਹੈ)।।੨।।
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ।।
(ਸਤਸੰਗ ਵਿੱਚ ਜਾ ਕੇ, ਹੇ ਜਿੰਦੇ! ਅਰਜ਼ੋਈਆਂ ਕਰਿਆ ਕਰ।) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਸਾਹੇ ਚਿੱਠੀ ਆਉਣੀ ਹੈ।
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ।।੩।।
(ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ ਪਤੀ ਨਾਲ ਮੇਰਾ ਮਿਲਾਪ ਹੋ ਜਾਏ।।੩।।
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ।।
(ਪਰਲੋਕ ਵਿੱਚ ਜਾਣ ਲਈ ਮੌਤ ਦੀ) ਇਹ ਸਾਹੇ ਚਿੱਠੀ ਹਰੇਕ ਘਰ ਵਿਚ ਆ ਰਹੀ ਹੈ, ਇਹ ਸੱਦੇ ਨਿਤ ਪੈ ਰਹੇ ਹਨ।
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ।।੪।।੧।।
(ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪ੍ਰਭੂ ਨੂੰ ਯਾਦ ਰੱਖਣਾ ਚਾਹੀਦਾ ਹੈ (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ।
ਰਾਗੁ ਆਸਾ ਮਹਲਾ ੧।।
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
ਛਿਅ ਘਰ ਛਿਅ ਗੁਰ ਛਿਅ ਉਪਦੇਸ।।
ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।
ਗੁਰੁ ਗੁਰੁ ਏਕੋ ਵੇਸ ਅਨੇਕ।।੧।।
ਪਰ ਇਹਨਾਂ ਸਾਰਿਆਂ ਦਾ ਮੂਲ ਗੁਰੂ (ਪਰਮਾਤਮਾ) ਇੱਕ ਹੈ (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ)।।੧।।
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ।।
ਹੇ ਭਾਈ! ਜਿਸ (ਸਤਸੰਗ-) ਘਰ ਵਿੱਚ ਕਰਤਾਰ ਦੀ ਸਿਫਤ ਸਲਾਹ ਹੁੰਦੀ ਹੈ,
ਸੋ ਘਰੁ ਰਾਖੁ ਵਡਾਈ ਤੋਇ।।੧।। ਰਹਾਉ।।
ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ) ਇਸੇ ਵਿੱਚ ਤੇਰੀ ਭਲਾਈ ਹੈ।।੧।। ਰਹਾਉ।।
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ।।
ਜਿਵੇਂ ਵਿਸੁਏ, ਚਸੇ, ਘੜੀਆਂ ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ),
ਸੂਰਜੁ ਏਕੋ ਰੁਤਿ ਅਨੇਕ।।
ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇੱਕੋ ਹੀ ਹੈ (ਜਿਸ ਦੇ ਇਹ ਸਾਰੇ ਵੱਖ ਵੱਖ ਰੂਪ ਹਨ),
Next page: Sri guru granth sahib ji with meaning in punjabi ang 13

Post a Comment